- Updated: July 18, 2024 05:35 PM
ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਨਰੋਟ ਜੈਮਲ ਸਿੰਘ ਉਪ ਤਹਿਸੀਲ ਕੰਪਲੈਕਸ ਤੋਂ ਰਜਿਸਟਰੀ ਲਿਖਣ ਵਾਲੇ ਅਤੇ ਅਸ਼ਟਾਮ ਵੇਚਣ ਵਾਲੇ ਦੋ ਭਰਾਵਾਂ ਨੂੰ ਨਾਇਕ ਤਹਿਸੀਲਦਾਰ ਦੇ ਨਾਮ ’ਤੇ 30 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਸਬ-ਤਹਿਸੀਲ ਵਿੱਚ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਡੀਡ ਰਾਈਟਰ ਸੁਭਾਸ਼ ਚੰਦਰ ਨਰੋਟ ਜੈਮਲ ਸਿੰਘ ਅਤੇ ਉਸ ਦੇ ਭਰਾ ਰਮੇਸ਼ ਚੰਦਰ ਅਸ਼ਟਾਮ ਵਿਕਰੇਤਾ ਨਰੋਟ ਜੈਮਲ ਸਿੰਘ ਨੂੰ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਕਥਿਤ ਦੋਸ਼ੀਆਂ ਨੇ ਨਾਇਬ ਤਹਿਸੀਲਦਾਰ ਨਰੋਟ ਜੈਮਲ ਜ਼ਿਲ੍ਹਾ ਪਠਾਨਕੋਟ ਦੇ ਨਾਂ 10 ਮਰਲੇ ਦੇ ਪਲਾਟ ਦੀ ਰਜਿਸਟਰੀ ਕਰਵਾਉਣ ਦੇ ਬਦਲੇ 30 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਜਾਲ ਵਿਛਾ ਕੇ ਮੁਲਜ਼ਮਾਂ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 30 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।