- Updated: December 30, 2022 09:35 PM
ਅਮਰੀਕਾ ਵਿਚ ਆਏ ਬਰਫੀਲੇ ਤੂਫਾਨ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਰਫੀਲਾ ਤੂਫਾਨ ਆਰਕਟਿਕ ਡੀਪ ਫ੍ਰੀਜ਼ ਕਾਰਨ ਆਇਆ ਹੈ। ਤਬਾਹੀ ਮਚਾਉਣ ਵਾਲੇ ਇਸ ਤੂਫ਼ਾਨ ਕਾਰਨ ਹੁਣ ਤੱਕ 60 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਸੋਮਵਾਰ ਨੂੰ ਪੂਰੇ ਅਮਰੀਕਾ ਵਿੱਚ 3800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇੰਨਾ ਹੀ ਨਹੀਂ ਵਿਗੜਦੇ ਹਾਲਾਤ ਦੇ ਮੱਦੇਨਜ਼ਰ 70 ਫੀਸਦੀ ਤੱਕ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ।ਇਸ ਦੇ ਨਾਲ ਹੀ ਬਫੇਲੋ ਵਿੱਚ ਵੀ ਹਰ ਤਰ੍ਹਾਂ ਦੀਆਂ ਆਵਾਜਾਈ ਸਹੂਲਤਾਂ ਪ੍ਰਭਾਵਿਤ ਹੋਈਆਂ। ਇੱਥੇ ਰੇਲ ਅਤੇ ਹਵਾਈ ਯਾਤਰਾ ਰੱਦ ਕਰਨੀ ਪਈ। ਭਾਰੀ ਬਰਫ਼ਬਾਰੀ ਕਾਰਨ ਸੜਕਾਂ ਵੀ ਬੰਦ ਹੋ ਗਈਆਂ ਹਨ।

ਬਫੇਲੋ ਸਮੇਤ ਉਨ੍ਹਾਂ ਖੇਤਰਾਂ ਵਿੱਚ ਜਿੱਥੇ ਬਰਫ਼ ਨੇ ਆਪਣੇ ਟਰੈਕਾਂ ਨੂੰ ਢੱਕਿਆ ਹੋਇਆ ਹੈ, ਵਿੱਚ ਡਰਾਈਵਿੰਗ ਪਾਬੰਦੀ ਲਾਗੂ ਹੈ। ਅਮਰੀਕਾ 'ਚ ਚਾਰੇ ਪਾਸੇ ਜੰਮੀ ਬਰਫ ਦੀ ਮੋਟੀ ਚਾਦਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਕੜੀ 'ਚ ਸੋਮਵਾਰ ਨੂੰ ਅਮਰੀਕਾ ਦੇ ਟੈਨੇਸੀ 'ਚ ਇਕ ਝਰਨੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ, ਜੋ ਸਰਦੀਆਂ ਅਤੇ ਮੌਸਮ ਦੇ ਬਰਫੀਲੇ ਹਮਲੇ 'ਚ 90 ਫੀਸਦੀ ਤੋਂ ਜ਼ਿਆਦਾ ਜੰਮ ਗਿਆ ਸੀ। ਝਰਨੇ ਦੇ ਸਬੰਧ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵਾਇਰਲ ਵੀਡੀਓ ਵਿੱਚ ਟੈਲੀਕੋ ਮੈਦਾਨਾਂ ਵਿੱਚ ਬਾਲਡ ਰਿਵਰ ਫਾਲਜ਼ ਨੂੰ ਭਾਰੀ ਬਰਫ਼ ਨਾਲ ਢੱਕਿਆ ਦੇਖਿਆ ਜਾ ਸਕਦਾ ਹੈ। ਕੁਦਰਤ ਦੇ ਇਸ ਕਹਿਰ ਨਾਲ ਅਮਰੀਕਾ ਵਿਚ ਚਾਰੇ ਪਾਸੇ ਕਹਿਰ ਢਾਇਆ ਹੋਇਆ ਹੈ। ਕੜਾਕੇ ਦੀ ਠੰਢ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬਰਫ਼ ਦੀ ਮੋਟੀ ਚਾਦਰ ਨੇ ਹਰ ਪਾਸੇ ਜਨਜੀਵਨ ਠੱਪ ਕਰ ਦਿੱਤਾ ਹੈ। ਅਜਿਹੇ 'ਚ ਇਕ ਪਾਸੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਬਰਫ ਨਾਲ ਢੱਕੇ ਵਾਹਨਾਂ 'ਚ ਫਰੋਜ਼ਨ ਲਾਸ਼ਾਂ ਮਿਲ ਰਹੀਆਂ ਹਨ। ਤੂਫਾਨ ਦੀ ਤਬਾਹੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀਆਂ ਲਾਸ਼ਾਂ ਕਾਰਾਂ ਅਤੇ ਘਰਾਂ ਤੋਂ ਬਾਹਰ ਕੱਢੀਆਂ ਜਾ ਰਹੀਆਂ ਹਨ।

ਅਮਰੀਕਾ ਹੀ ਨਹੀਂ ਸਗੋਂ ਜਾਪਾਨ ਵਿਚ ਵੀ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਜਾਪਾਨ ਦੇ ਕਈ ਇਲਾਕਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਫ਼ਬਾਰੀ ਹੋ ਰਹੀ ਹੈ। 17 ਦਸੰਬਰ ਤੋਂ ਹੁਣ ਤੱਕ ਠੰਢ ਨਾਲ ਸਬੰਧਤ ਘਟਨਾਵਾਂ ਵਿੱਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 87 ਲੋਕ ਜ਼ਖਮੀ ਹਨ। ਜਾਪਾਨ ਦੇ ਨੀਗਾਟਾ 'ਚ 1.2 ਮੀਟਰ ਤੱਕ ਬਰਫਬਾਰੀ ਦਰਜ ਕੀਤੀ ਗਈ। ਇਸ ਕਾਰਨ ਇਲਾਕੇ ਵਿੱਚ ਬਲੈਕ ਆਊਟ ਹੋ ਗਿਆ। ਕਰੀਬ 2000 ਘਰਾਂ ਦੀਆਂ ਬੱਤੀਆਂ ਬੁਝ ਗਈਆਂ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਜ਼ਰੂਰੀ ਨਾ ਹੋਣ 'ਤੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ 'ਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ ਫਲੋਰੀਡਾ ਦੇ ਮਿਆਮੀ, ਟੈਂਪਾ, ਓਰਲੈਂਡੋ ਅਤੇ ਵੈਸਟ ਪਾਮ ਬੀਚ ਨੇ 25 ਦਸੰਬਰ ਨੂੰ 1983 ਤੋਂ ਬਾਅਦ ਆਪਣਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ।
ਅਮਰੀਕਾ 'ਚ ਬਰਫ਼ਬਾਰੀ ਕਾਰਨ 7 ਲੱਖ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਠੰਢ ਨਾਲ ਸਭ ਤੋਂ ਵੱਧ ਪ੍ਰਭਾਵਿਤ ਨਿਊਯਾਰਕ ਵਿੱਚ ਬਫੇਲੋ ਹੈ। ਇੱਥੇ 43 ਇੰਚ ਬਰ਼ਫਬਾਰੀ ਹੋ ਚੁੱਕੀ ਹੈ। ਇਸ ਕਾਰਨ ਲੋਕਾਂ ਦਾ ਸੜਕ ’ਤੇ ਚੱਲਣਾ ਮੁਸ਼ਕਲ ਹੋ ਰਿਹਾ ਹੈ। ਇੰਨਾ ਹੀ ਨਹੀਂ ਬਿਜਲੀ ਘਰ 'ਤੇ ਬਰਫ਼ਬਾਰੀ ਹੋਣ ਕਾਰਨ ਬਿਜਲੀ ਵਿਵਸਥਾ ਵੀ ਠੱਪ ਹੋ ਗਈ ਹੈ। ਇੱਥੇ ਠੰਢ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।