- Updated: March 15, 2025 03:13 PM
ਆਪਣੀ ਪਤਨੀ ਨੂੰ ਇੰਗਲੈਂਡ ਭੇਜਣ ਲਈ ਕਰੀਬ 42 ਲੱਖ ਰੁਪਏ ਖ਼ਰਚ ਕਰਨ ਵਾਲੇ ਨੌਜਵਾਨ ਨੇ ਪਤਨੀ ਦੀ ਠੱਗੀ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਇਸ ਸਬੰਧੀ ਉਸ ਦੀ ਪਤਨੀ ਸਮੇਤ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮਲਕੀਤ ਸਿੰਘ ਵਾਸੀ ਸੰਦੋਹਾ ਨੇ ਮੌੜ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਤੇਜਿੰਦਰ ਦਾ ਵਿਆਹ ਕਰੀਬ 9 ਸਾਲ ਪਹਿਲਾਂ ਮਨਜੀਤ ਕੌਰ ਪੁੱਤਰੀ ਮੱਘਰ ਸਿੰਘ ਨਾਲ ਕੀਤਾ ਸੀ।
ਬਾਅਦ 'ਚ ਉਸ ਨੇ ਮਨਜੀਤ ਕੌਰ 'ਤੇ 34 ਲੱਖ ਰੁਪਏ ਖ਼ਰਚ ਕਰਕੇ ਉਸ ਨੂੰ ਇੰਗਲੈਂਡ ਭੇਜ ਦਿੱਤਾ। ਉਸਨੇ ਪੁੱਤਰ ਤੇਜਿੰਦਰ ਸਿੰਘ ਨੂੰ ਵੀ ਇੰਗਲੈਂਡ ਬੁਲਾ ਲਿਆ। ਇੰਗਲੈਂਡ ਜਾਣ ਤੋਂ ਬਾਅਦ ਤੇਜਿੰਦਰ ਸਿੰਘ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ ਲਵਪ੍ਰੀਤ ਸਿੰਘ ਵਾਸੀ ਇਕ ਹੋਰ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ। ਉਸ ਨੇ ਦੱਸਿਆ ਕਿ ਉਦੋਂ ਤੱਕ ਉਹ ਉਕਤ ਕੁੜੀ 'ਤੇ 42 ਲੱਖ ਰੁਪਏ ਖ਼ਰਚ ਕਰ ਚੁੱਕੇ ਸਨ। ਪਤਨੀ ਦੀ ਬੇਵਫ਼ਾਈ ਤੋਂ ਤੰਗ ਆ ਕੇ ਉਸ ਦੇ ਪੁੱਤਰ ਨੇ ਹਾਲ ਹੀ 'ਚ ਇੰਗਲੈਂਡ 'ਚ ਖ਼ੁਦਕੁਸ਼ੀ ਕਰ ਲਈ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਜਾਰੀ ਕਰਦਿਆਂ ਉਸ ਨੇ ਦੱਸਿਆ ਕਿ ਉਸ ਦੀ ਖ਼ੁਦਕੁਸ਼ੀ ਲਈ ਜ਼ਿੰਮੇਵਾਰ ਉਸ ਦੀ ਪਤਨੀ ਮਨਜੀਤ ਕੌਰ, ਉਸ ਦਾ ਪ੍ਰੇਮੀ ਲਵਪ੍ਰੀਤ ਸਿੰਘ, ਸੂਬਾ ਸਿੰਘ ਵਾਸੀ ਇੰਗਲੈਂਡ, ਗੁਰਦੇਵ ਕੌਰ ਵਾਸੀ ਬਿਸ਼ਨੰਦੀ, ਮੰਗਲ ਸਿੰਘ, ਜਸਬੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਵਾਸੀ ਹੀਰੋ ਕਲਾਂ ਹਨ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।