- Updated: June 15, 2026 12:31 PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ ਦੇ ਮੌਕੇ 'ਤੇ ਅੱਜ ਸਵੇਰੇ 2:18 ਵਜੇ ਸਲੋਵਾਕੀਆ ਪਹੁੰਚੇ। ਉਹ 16 ਜੂਨ ਤੱਕ ਇਥੇ ਰਹਿਣਗੇ। ਰਾਜਧਾਨੀ ਬ੍ਰਾਤੀਸਲਾਵਾ ਵਿਚ ਵਿਦੇਸ਼ ਅਤੇ ਯੂਰਪੀ ਮਾਮਲਿਆਂ ਦੇ ਮੰਤਰੀ ਜੁਰਾਜ ਬਲਾਨਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਬਲਾਨਾਰ ਨੇ ਰਵਾਇਤੀ ਸਲੋਵਾਕ ਤਰੀਕੇ ਨਾਲ ਮੋਦੀ ਨੂੰ ਰੋਟੀ ਅਤੇ ਨਮਕ ਭੇਟ ਕੀਤਾ। ਇੱਕ ਅਜਿਹਾ ਸੰਕੇਤ ਜਿਸ ਨੂੰ ਇੱਥੇ ਮਹਿਮਾਨ ਨਿਵਾਜ਼ੀ, ਸਤਿਕਾਰ ਅਤੇ ਸਦਭਾਵਨਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੋਦੀ ਨੇ ਸਲੋਵਾਕੀਆ ਦੇ ਹਵਾਈ ਅੱਡੇ 'ਤੇ ਮੌਜੂਦ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।
ਸਲੋਵਾਕੀਆ ਨੂੰ 1993 ਵਿਚ ਆਜ਼ਾਦੀ ਮਿਲੀ ਸੀ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਆਪਣੇ 33 ਸਾਲਾਂ ਦੇ ਇਤਿਹਾਸ ਵਿੱਚ ਪਹਿਲਾ ਦੌਰਾ ਹੈ। ਮੋਦੀ ਅੱਜ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਅਤੇ ਪ੍ਰਧਾਨ ਮੰਤਰੀ ਰਾਬਰਟ ਫਿਕੋ ਨਾਲ ਮੁਲਾਕਾਤ ਕਰਨਗੇ।
ਮੋਦੀ ਫਰਾਂਸ ਦੇ ਸ਼ਹਿਰ ਨਾਇਸ ਤੋਂ ਸਲੋਵਾਕੀਆ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਦੁਵੱਲੀ ਗੱਲਬਾਤ ਕੀਤੀ ਅਤੇ 'ਇੰਡੀਆ ਇਨੋਵੇਟਸ' ਪ੍ਰੋਗਰਾਮ ਦੇ ਉਦਘਾਟਨ ਵਿੱਚ ਵੀ ਹਿੱਸਾ ਲਿਆ।
ਦਰਅਸਲ, ਮੋਦੀ 13 ਜੂਨ ਤੋਂ ਫਰਾਂਸ ਅਤੇ ਸਲੋਵਾਕੀਆ ਦੇ ਛੇ ਦਿਨਾਂ ਦੌਰੇ 'ਤੇ ਹਨ। ਉਹ 17 ਜੂਨ ਨੂੰ ਫਰਾਂਸ ਦੇ ਏਵੀਅਨ ਵਿੱਚ G7 ਸੰਮੇਲਨ ਵਿੱਚ ਸ਼ਾਮਲ ਹੋਣਗੇ। ਇਸ ਦੌਰੇ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਨਗੇ।