- Updated: June 15, 2026 01:46 PM
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਜੁੜੇ ਇਕ ਮਾਮਲੇ ਨੂੰ ਲੈ ਕੇ ਅੱਜ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਉਨ੍ਹਾਂ ਦੀ ਪੇਸ਼ੀ ਸੀ। ਤੈਅ ਸਮੇਂ 'ਤੇ ਰਵਨੀਤ ਬਿੱਟੂ ਖ਼ੁਦ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ ਅਤੇ ਉਨ੍ਹਾਂ ਵਲੋਂ ਵਕੀਲ ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਉਨ੍ਹਾਂ ਦਾ ਪੱਖ ਰੱਖਿਆ। ਵਕੀਲ ਨੇ ਕੇਸ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਅਤੇ ਰਿਕਾਰਡ ਕਮਿਸ਼ਨ ਨੂੰ ਜਮ੍ਹਾਂ ਕਰਵਾਏ। ਕਮਿਸ਼ਨ ਦੇ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ 24 ਜੂਨ ਨੂੰ ਹੋਣੀ ਤੈਅ ਕੀਤੀ ਗਈ ਹੈ।
ਦੱਸ ਦੇਈਏ ਕਿ ਬੀਤੇ 4 ਜੂਨ ਨੂੰ ਵੀ ਰਵਨੀਤ ਬਿੱਟੂ ਐੱਸ. ਸੀ. ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਸਨ ਅਤੇ ਉਨ੍ਹਾਂ ਨੇ ਖ਼ੁਦ 15 ਜੂਨ ਲਈ ਪੇਸ਼ ਹੋਣ ਦਾ ਸਮਾਂ ਮੰਗਿਆ ਸੀ। ਅੱਜ ਵੀ ਉਹ ਐੱਸ. ਸੀ. ਕਮਿਸ਼ਨ ਅੱਗੇ ਪੇਸ਼ ਨਹੀਂ ਹੋ ਸਕੇ। ਇਸ ਲਈ ਦਿੱਲੀ 'ਚ ਸਰਕਾਰੀ ਕੰਮ ਅਤੇ ਨਿੱਜੀ ਕਾਰਨਾਂ ਨੂੰ ਦੱਸਿਆ ਗਿਆ।
ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ 'ਤੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਅਤੇ ਟਿੱਪਣੀਆਂ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਸਬੰਧੀ ਐੱਸ. ਸੀ. ਕਮਿਸ਼ਨ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਕਿ ਕਾਨੂੰਨ ਦੇ ਸਾਹਮਣੇ ਸਭ ਬਰਾਬਰ ਹਨ ਅਤੇ ਕਿਸੇ ਵੀ ਗੈਰ-ਜ਼ਿੰਮੇਵਾਰਾਨਾ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।