- Updated: May 19, 2026 08:28 PM
ਸਥਾਨਕ ਰੋਪੜ ਰੋਡ ’ਤੇ ਪਿੰਡ ਸ਼ੇਰੀਆਂ ਨੇੜ੍ਹੇ ਅੱਜ ਬਾਅਦ ਦੁਪਹਿਰ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਔਰਤ ਜਸਵੀਰ ਕੌਰ (57) ਵਾਸੀ ਮਾਛੀਵਾੜਾ ਸਾਹਿਬ ਦੀ ਮੌਤ ਹੋ ਗਈ ਜਦਕਿ ਉਸਦਾ ਚਾਲਕ ਅਜੈ ਵਾਸੀ ਰੋਪੜ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਆਪਣੇ ਲੜਕੇ ਨੂੰ ਮਿਲਣ ਲਈ ਰੋਪੜ ਗਈ ਸੀ ਅਤੇ ਕਾਰ ਚਾਲਕ ਅਜੈ ਉਸ ਨੂੰ ਮਾਛੀਵਾੜਾ ਵਿਖੇ ਘਰ ਛੱਡਣ ਲਈ ਆ ਰਿਹਾ ਸੀ ਤਾਂ ਰਸਤੇ ਵਿਚ ਪਿੰਡ ਸ਼ੇਰੀਆਂ ਨੇੜ੍ਹੇ ਸਾਹਮਣੇ ਤੋਂ ਆ ਰਹੇ ਤੇਲ ਟੈਂਕਰ ਨਾਲ ਸਿੱਧੀ ਟੱਕਰ ਹੋ ਗਈ। 
ਇਸ ਹਾਦਸੇ ਵਿਚ ਜਸਵੀਰ ਕੌਰ ਤੇ ਅਜੈ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਅਤੇ ਪੁਲਸ ਦੀ 112 ਹੈਲਪਲਾਈਨ ਗੱਡੀ ਦੇ ਚਾਲਕ ਸਹਾਇਕ ਥਾਣੇਦਾਰ ਵਿਜੈ ਕੁਮਾਰ ਨੇ ਦੋਵਾਂ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਖੇ ਪਹੁੰਚਾਇਆ। ਡਾਕਟਰਾਂ ਵਲੋਂ ਜਾਂਚ ਦੌਰਾਨ ਦੇਖਿਆ ਕਿ ਜਸਵੀਰ ਕੌਰ ਦੀ ਮੌਤ ਹੋ ਚੁੱਕੀ ਹੈ ਅਤੇ ਅਜੈ ਗੰਭੀਰ ਰੂਪ ਵਿਚ ਜਖ਼ਮੀ ਹੈ। ਅਜੈ ਦੀ ਹਾਲਤ ਗੰਭੀਰ ਦੇਖਦਿਆਂ ਉਸਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਕੌਰ ਦੀ ਲਾਸ਼ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤੀ ਹੈ ਅਤੇ ਹਾਦਸੇ ਵਾਲੇ ਟੈਂਕਰ ਨੂੰ ਕਬਜੇ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟੈਂਕਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਵਲੋਂ ਮ੍ਰਿਤਕ ਜਸਵੀਰ ਕੌਰ ਦੇ ਪਤੀ ਗੁਰਦੀਪ ਸਿੰਘ ਨੂੰ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਜੋ ਕਿ ਸਮਰਾਲਾ ਹਸਪਤਾਲ ਵਿਖੇ ਪਹੁੰਚ ਗਏ ਸਨ। ਸਬ-ਇੰਸਪੈਕਟਰ ਪਰਸ਼ੋਤਮ ਲਾਲ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।