- Updated: August 28, 2026 12:27 PM
ਕਪੂਰਥਲਾ ਦੇ ਇਕ ਪਿੰਡ 'ਚ ਨਸ਼ੇ ਦੌਰਾਨ ਸਿਹਤ ਵਿਗੜਨ ਕਾਰਨ ਨੌਜਵਾਨ ਦੀ ਮੌਤ ਹੋ ਗਈ। ਦੋਸ਼ ਹੈ ਕਿ ਉਸ ਦੇ ਨਾਲ ਮੌਜੂਦ ਦੋਸਤ ਉਸ ਨੂੰ ਖੇਤਾਂ ਵਿਚ ਛੱਡ ਕੇ ਚਲੇ ਗਏ। ਮੌਤ ਹੋਣ ਮਗਰੋਂ ਦੋਸਤਾਂ ਨੇ ਲਾਸ਼ ਨੂੰ ਖੇਤ ਵਿਚ ਦਫ਼ਨਾ ਦਿੱਤਾ ਅਤੇ ਘਟਨਾ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਜਾਂਚ ਦੌਰਾਨ ਕਰੀਬ 14 ਦਿਨਾਂ ਬਾਅਦ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ ਹੈ।
ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦੇਸਲ ਵਜੋਂ ਹੋਈ ਹੈ। ਪਰਿਵਾਰ ਮੁਤਾਬਕ ਅਮਨਦੀਪ ਸਿੰਘ 14 ਅਗਸਤ ਨੂੰ ਪਿੰਡ ਦੇ ਕੁਝ ਦੋਸਤਾਂ ਨਾਲ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਪਰਿਵਾਰ ਨੇ ਫੱਤੂਢੀਂਗਾ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਕਈ ਦਿਨਾਂ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਪਰਿਵਾਰ ਨੇ ਅਮਨਦੀਪ ਦੇ ਮੋਬਾਇਲ ਵੇਰਵਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਆਖਰੀ ਵਾਰ ਆਪਣੇ ਕੁਝ ਦੋਸਤਾਂ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਦੋ ਦੋਸਤਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ
ਥਾਣਾ ਫੱਤੂਢੀਂਗਾ ਪੁਲਸ ਅਮਨਦੀਪ ਦੇ ਦੋ ਦੋਸਤਾਂ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ। ਥਾਣਾ ਫੱਤੂਢੀਂਗਾ ਦੇ ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਦੇ ਦੋ ਨੌਜਵਾਨਾਂ ਵਰਿੰਦਰ ਅਤੇ ਪਲਵਿੰਦਰ ਉਰਫ਼ ਅਜੈ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ।
ਪੁੱਛਗਿੱਛ ਦੌਰਾਨ ਦੋਵੇਂ ਨੌਜਵਾਨਾਂ ਨੇ ਖੇਤ ਵਿਚ ਲਾਸ਼ ਦੇ ਦਬਾਏ ਜਾਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਅਮਨਦੀਪ ਸਿੰਘ ਦੀ ਲਾਸ਼ ਝੋਨੇ ਦੇ ਖੇਤ 'ਚੋਂ ਬਰਾਮਦ ਕੀਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਭੇਜ ਦਿੱਤਾ ਹੈ। ਐੱਸ. ਆਈ. ਦਿਲਬਾਗ ਸਿੰਘ ਮੁਤਾਬਕ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।