ਪੰਜਾਬ ‘ਚ ਵੱਡਾ ਹਾਦਸਾ: ਨਸ਼ੇ ‘ਚ ਧੁੱਤ ਨੌਜਵਾਨ ਨੇ ਕਾਰ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ

ਪੰਜਾਬ ‘ਚ ਵੱਡਾ ਹਾਦਸਾ: ਨਸ਼ੇ ‘ਚ ਧੁੱਤ ਨੌਜਵਾਨ ਨੇ ਕਾਰ ਨੂੰ ਮਾਰੀ ਟੱਕਰ, 3 ਲੋਕਾਂ ਦੀ ਮੌਤ

ਬੀਤੀ ਦੇਰ ਰਾਤ ਥਾਣਾ ਸਮਾਲਸਰ ਅਧੀਨ ਪੈਂਦੇ ਇਲਾਕੇ ਵਿਚ ਮੱਲਕੇ ਤੋਂ ਕੁਝ ਦੂਰੀ ’ਤੇ ਇਕ ਕਾਰ ਦੇ ਬੇਕਾਬੂ ਹੋ ਕੇ ਕੰਧ ਨਾਲ ਟਕਰਾਉਣ ਕਾਰਨ ਬੱਚੇ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਦੱਸਿਆ ਜਾ ਰਿਹਾ ਕਿ ਹਾਦਸੇ ਮੌਕੇ ਕਾਰ ਦੇ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਣ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਮਗਰੋਂ ਜਦੋਂ ਕਾਰ ਚਾਲਕ ਨੌਜਵਾਨ ਬਾਹਰ ਨਿਕਲਦਾ ਹੈ ਤਾਂ ਉਸ ਕੋਲੋਂ ਠੀਕ ਤਰ੍ਹਾਂ ਤੁਰਿਆ ਵੀ ਨਹੀਂ ਸੀ ਜਾ ਰਿਹਾ। 

ਥਾਣਾ ਸਮਾਲਸਰ ਦੇ ਮੁਖੀ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਵਕੀਲ ਸਿੰਘ, ਗੁਰਕੀਰਤ ਸਿੰਘ (8), ਅੰਮ੍ਰਿਤਪਾਲ ਸਿੰਘ, ਆਕਾਸ਼ਦੀਪ ਸਿੰਘ ਵਾਸੀ ਪਿੰਡ ਕੌਣੀ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਮਾੜੀ ਮੁਸਤਫ਼ਾ ਆਪਣੀ ਕਾਰ ਵਿਚ ਜਾ ਰਹੇ ਸਨ। ਇਸ ਦੌਰਾਨ ਅਚਾਨਕ ਕਾਰ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ। ਹਾਦਸੇ ਦੌਰਾਨ ਵਕੀਲ ਸਿੰਘ ਅਤੇ ਕੁਲਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੁਰਕੀਰਤ ਸਿੰਘ ਨੇ ਹਸਪਤਾਲ ਪਹੁੰਚਣ ਤੋਂ ਬਾਅਦ ਦਮ ਤੋੜ ਦਿੱਤਾ। ਇਸ ਹਾਦਸੇ ਵਿਚ ਅੰਮ੍ਰਿਤਪਾਲ ਸਿੰਘ ਅਤੇ ਆਕਾਸ਼ਦੀਪ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ।