ਅਮਰਨਾਥ ਯਾਤਰਾ:ਬੱਦਲ ਫਟਣ ਦੀ ਘਟਨਾ ’ਚ 15 ਲੋਕਾਂ ਦੀ ਮੌਤ :ਯਾਤਰਾ ਅਸਥਾਈ ਤੌਰ ’ਤੇ ਮੁਲਤਵੀ।

ਅਮਰਨਾਥ ਯਾਤਰਾ:ਬੱਦਲ ਫਟਣ ਦੀ ਘਟਨਾ ’ਚ 15 ਲੋਕਾਂ ਦੀ ਮੌਤ :ਯਾਤਰਾ ਅਸਥਾਈ ਤੌਰ ’ਤੇ ਮੁਲਤਵੀ।


ਸ਼੍ਰੀਨਗਰ–
 ਜੰਮੂ-ਕਸ਼ਮੀਰ ’ਚ ਪਵਿੱਤਰ ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਦੀ ਘਟਨਾ ਮਗਰੋਂ ਪੈਦਲ ਯਾਤਰਾ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਗਿਆ ਹੈ।ਸ਼ੁੱਕਰਵਾਰ ਦੀ ਸ਼ਾਮ ਕਰੀਬ 5 ਵਜੇ ਅਮਰਨਾਥ ਗੁਫ਼ਾ ਨੇੜੇ ਬੱਦਲ ਫਟਣ ਦੀ ਘਟਨਾ ’ਚ 15 ਲੋਕਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਅਚਾਨਕ ਆਏ ਹੜ੍ਹ ਨਾਲ ਬਾਲਟਾਲ ’ਚ ਆਧਾਰ ਕੈਂਪਾਂ ’ਚ 3 ਲੰਗਰ ਟੈਂਟ ਅਤੇ 25 ਟੈਂਟ ਦੇ ਵਹਿ ਜਾਣ ਨਾਲ 40 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ। ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਅਮਰਨਾਥ ਗੁਫਾ ਨੇੜੇ ਮਲਬਾ ਹਟਾਉਣ ਦਾ ਕੰਮ ਅਤੇ ਲਾਪਤਾ ਲੋਕਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਫ਼ੌਜ ਦੀਆਂ ਦੋ ਬਚਾਅ ਟੀਮਾਂ ਅਤੇ ਹੋਰ ਮਾਹਰ ਦਲ ਪਵਿੱਤਰ ਗੁਫ਼ਾ ’ਚ ਪਹੁੰਚ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਬਚਾਅ ਮੁਹਿੰਮ ਲਈ ਫ਼ੌਜ ਦੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ। 

ਸਰਹੱਦ ਸੁਰੱਖਿਆ ਫੋਰਸ (BSF) ਦੇ MI-17 ਹੈਲੀਕਾਪਟਰ ਨੂੰ ਵੀ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਅਤੇ ਜ਼ਖਮੀਆਂ ਨੂੰ ਅੱਗੇ ਦੇ ਇਲਾਜ ਲਈ ਨੀਲਗੜ੍ਹ ਹੈਲੀਪੈਡ/ਬਾਲਟਾਲ ਤੋਂ ਬੀ. ਐੱਸ. ਐੱਫ. ਕੈਂਪ ਸ਼੍ਰੀਨਗਰ ਤੱਕ ਹਵਾਈ ਟਰਾਂਸਪੋਰਟ ਲਈ ਲਾਇਆ ਗਿਆ ਹੈ। ਹੜ੍ਹ ਕਾਰਨ ਅਮਰਨਾਥ ਪਵਿੱਤਰ ਗੁਫ਼ਾ ਖੇਤਰ ਨੇੜੇ ਫਸੇ ਜ਼ਿਆਦਾਤਰ ਯਾਤਰੀਆਂ ਨੂੰ ਪੰਜਤਰਣੀ ’ਚ ਟਰਾਂਸਫਰ ਕਰ ਦਿੱਤਾ ਗਿਆ ਹੈ। ਓਧਰ ਆਈ. ਟੀ. ਬੀ. ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੂੰ ਕੱਢਣ ਦਾ ਕੰਮ ਤੜਕੇ 3.38 ਵਜੇ ਤੱਕ ਜਾਰੀ ਰਿਹਾ। ਯਾਤਰਾ ਮਾਰਗ ’ਤੇ ਕੋਈ ਯਾਤਰੀ ਨਹੀਂ ਬਚਿਆ ਹੈ ਅਤੇ ਹੁਣ ਤੱਕ ਕਰੀਬ 15,000 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ।