PAK ਦੇ ਫੌਜ ਮੁਖੀ ਨੇ IMF ਤੋਂ ਕਰਜ਼ਾ ਜਾਰੀ ਕਰਨ ਲਈ ਅਮਰੀਕਾ ਤੋਂ ਮਦਦ ਦੀ ਮੰਗ ਕੀਤੀ।

PAK ਦੇ ਫੌਜ ਮੁਖੀ ਨੇ IMF ਤੋਂ ਕਰਜ਼ਾ ਜਾਰੀ ਕਰਨ ਲਈ ਅਮਰੀਕਾ ਤੋਂ ਮਦਦ ਦੀ ਮੰਗ ਕੀਤੀ।

ਇਸਲਾਮਾਬਾਦ — 

ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਫੌਜ ਮੁਖੀ ਨੇ ਆਪਣੇ ਦੇਸ਼ ਨੂੰ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਤੋਂ 1.7 ਅਰਬ ਡਾਲਰ ਦੀ ਅਹਿਮ ਕਿਸ਼ਤ ਨੂੰ ਜਲਦ ਤੋਂ ਜਲਦ ਜਾਰੀ ਕਰਵਾਉਣ ਲਈ ਅਮਰੀਕਾ ਤੋਂ ਮਦਦ ਮੰਗੀ ਹੈ। ਕਈ ਸਰਕਾਰੀ ਅਧਿਕਾਰੀਆਂ ਮੁਤਾਬਕ ਜਨਰਲ ਕਮਰ ਜਾਵੇਦ ਬਾਜਵਾ ਨੇ ਅਮਰੀਕਾ ਦੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨਾਲ ਇਸ ਮਾਮਲੇ 'ਤੇ ਚਰਚਾ ਕੀਤੀ ਅਤੇ ਅਮਰੀਕਾ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ਦੀ ਮਦਦ ਲਈ IMF 'ਚ ਆਪਣੇ ਪ੍ਰਭਾਵ ਦੀ ਵਰਤੋਂ ਕਰੇ। ਆਰਮੀ ਚੀਫ਼ ਵੱਲੋਂ ਅਜਿਹੀ ਅਪੀਲ ਕਰਨਾ ਬਹੁਤ ਘੱਟ ਹੁੰਦਾ ਹੈ। ਅਫਗਾਨਿਸਤਾਨ ਦੇ ਮੁੱਦੇ ਨੂੰ ਲੈ ਕੇ ਹਾਲ ਹੀ ਦੇ ਸਾਲਾਂ 'ਚ ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਸਬੰਧ ਤਣਾਅਪੂਰਨ ਰਹੇ ਹਨ।

ਖਾਸ ਤੌਰ 'ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਤਣਾਅਪੂਰਨ ਰਹੇ ਸਨ। ਇਮਰਾਨ ਖਾਨ ਨੂੰ ਅਪ੍ਰੈਲ 'ਚ ਸੰਸਦ 'ਚ ਬੇਭਰੋਸਗੀ ਮਤੇ ਤੋਂ ਬਾਅਦ ਸੱਤਾ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਫਿਰ ਵੀ, ਪਾਕਿਸਤਾਨ ਦੀ ਫੌਜ, ਜਿਸ ਨੇ ਆਪਣੇ 75 ਸਾਲਾਂ ਦੇ ਇਤਿਹਾਸ ਦੇ ਅੱਧੇ ਤੋਂ ਵੱਧ ਸਮੇਂ ਲਈ ਸਿੱਧੇ ਤੌਰ 'ਤੇ ਦੇਸ਼ 'ਤੇ ਸ਼ਾਸਨ ਕੀਤਾ ਹੈ, ਨੇ ਅਮਰੀਕਾ ਦੇ ਨਾਲ ਮਿਲ ਕੇ ਕੰਮ ਕੀਤਾ ਹੈ ਅਤੇ ਅਲ-ਕਾਇਦਾ ਦੇ ਵਿਰੁੱਧ ਅੱਤਵਾਦ ਵਿਰੁੱਧ ਲੜਾਈ ਵਿੱਚ ਇੱਕ ਅਧਿਕਾਰਤ ਸਹਿਯੋਗੀ ਸੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਾਜਵਾ ਅਤੇ ਸ਼ਰਮਨ ਨੇ ਗੱਲਬਾਤ ਕੀਤੀ ਸੀ।

ਮੰਤਰਾਲੇ ਦੇ ਬੁਲਾਰੇ ਅਸੀਮ ਇਫਤਿਖਾਰ ਨੇ ਕਿਹਾ, ''ਗੱਲਬਾਤ ਹੋ ਗਈ ਹੈ, ਪਰ ਇਸ ਪੜਾਅ 'ਤੇ ਮੈਨੂੰ ਸਪੱਸ਼ਟ ਜਾਣਕਾਰੀ ਨਹੀਂ ਹੈ ਕਿ ਇਸ ਦੌਰਾਨ ਕੀ ਗੱਲਬਾਤ ਹੋਈ।'' ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਗੱਲਬਾਤ ਆਈ.ਐੱਮ.ਐੱਫ. ਦੇ ਕਰਜ਼ੇ 'ਤੇ ਕੇਂਦਰਿਤ ਸੀ। ਪਾਕਿਸਤਾਨ ਅਤੇ ਆਈਐਮਐਫ ਨੇ ਅਸਲ ਵਿੱਚ 2019 ਵਿੱਚ ਇੱਕ ਬੇਲਆਊਟ ਸਮਝੌਤੇ 'ਤੇ ਹਸਤਾਖਰ ਕੀਤੇ ਸਨ, ਪਰ  1.7 ਅਰਬ ਡਾਲਰ ਦੀ ਕਿਸ਼ਤ ਇਸ ਸਾਲ ਦੇ ਸ਼ੁਰੂ ਤੋਂ ਰੋਕ ਦਿੱਤੀ ਗਈ ਹੈ। ਦਰਅਸਲ, ਆਈਐਮਐਫ ਨੇ ਖਾਨ ਦੇ ਸ਼ਾਸਨ ਵਿੱਚ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਸੀ।