ਔਰਤ ਦੇ ਕਤਲ ਦੇ ਦੋਸ਼ ''ਚ ਕੈਨੇਡਾ ''ਚ ਇਕ ਪੰਜਾਬੀ ਗ੍ਰਿਫ਼ਤਾਰ 

ਔਰਤ ਦੇ ਕਤਲ ਦੇ ਦੋਸ਼ ''ਚ ਕੈਨੇਡਾ ''ਚ ਇਕ ਪੰਜਾਬੀ ਗ੍ਰਿਫ਼ਤਾਰ 

ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਕੈਨੇਡੀਅਨ ਟਾਇਰ ਨਾਮਕ ਸਟੋਰ ਅੰਦਰ ਬੀਤੇ ਸੋਮਵਾਰ ਨੂੰ ਚਾਕੂ ਮਾਰ ਕੇ ਇਕ ਔਰਤ ਦੇ ਕਤਲ ਕਰਨ ਦੇ ਦੋਸ਼ 'ਚ ਪੀਲ ਪੁਲਸ ਵੱਲੋਂ 26 ਸਾਲਾ ਚਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ 'ਤੇ ਪਹਿਲੀ ਡਿਗਰੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਸ਼ਾਮ 6 ਵਜੇ ਵਾਪਰੀ ਦਰਦਨਾਕ ਘਟਨਾ ਸਮੇਂ ਸਟੋਰ ਅੰਦਰ ਹਫੜਾ-ਦਫੜਾ ਮਚ ਗਈ। ਪੀਲ ਰੀਜਨਲ ਪੁਲਸ ਨੂੰ ਦੱਸਿਆ ਕਿ ਘਟਨਾ ਮਗਰੋਂ ਅਧਿਕਾਰੀਆਂ ਨੂੰ ਮਾਵਿਸ ਅਤੇ ਬ੍ਰਿਟਾਨੀਆ ਦੇ ਇਲਾਕੇ ਵਿਚ ਬੁਲਾਇਆ ਗਿਆ ਸੀ। ਉੱਧਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਅਜੇ ਉਸ ਔਰਤ ਦਾ ਨਾਮ ਜਾਰੀ ਨਹੀਂ ਕੀਤਾ।

                   Image

ਪੁਲਸ ਨੇ ਦੱਸਿਆ ਕਿ ਸ਼ੱਕੀ ਪੁਰਸ਼ ਮਾਮੂਲੀ ਸੱਟਾਂ ਨਾਲ ਪੀੜਤ ਸੀ। ਪੁਲਸ ਉਸ ਨੂੰ ਹਿਰਾਸਤ ਵਿਚ ਲੈ ਕੇ ਇਲਾਜ ਲਈ ਸਥਾਨਕ ਟ੍ਰਾਮਾ ਸੈਂਟਰ ਲੈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮਿਸੀਸਾਗਾ ਵਾਸੀ ਚਰਨਜੀਤ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਕੇ ਮੰਗਲਵਾਰ ਦੁਪਹਿਰ ਉਸ ਨੂੰ ਬਰੈਂਪਟਨ ਵਿਖੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਘਟਨਾ ਤੋਂ ਬਾਅਦ ਪੁਲਸ ਦੀ ਜਾਂਚ ਲਈ ਸਟੋਰ ਨੂੰ ਬੰਦ ਕੀਤਾ ਗਿਆ ਹੈ। ਉੱਧਰ ਸਟੋਰ ਵਿਚ ਮੌਕੇ 'ਤੇ ਹਾਜ਼ਰ ਦਰਜਨ ਤੋਂ ਵੱਧ ਕਾਮੇ ਦਹਿਸ਼ਤ ਵਿਚ ਹਨ, ਜਿਸ ਕਰ ਕੇ ਓਂਟਾਰੀਓ ਦੇ ਕਿਰਤ ਮੰਤਰਾਲੇ ਨੂੰ ਵੀ ਘਟਨਾ ਦੀ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ। 

ਮਿਲੀ ਗੁਪਤ ਜਾਣਕਾਰੀ ਮੁਤਾਬਕ ਬਰੈਂਪਟਨ ਵਾਸੀ ਚਰਨਜੀਤ (ਗੁਰੂਸਰ ਸੁਧਾਰ) ਨੇ ਆਪਣੀ ਪਤਨੀ ਭਗਤਾ ਭਾਈਕਾ ਦਾ ਕਤਲ ਕੀਤਾ ਹੈ ਅਤੇ ਉਹਨਾਂ ਵਿਚਾਲੇ ਕੈਨੇਡਾ ਵਿਚ ਪੱਕੇ ਹੋਣ-ਕਰਾਉਣ ਦਾ ਮਾਮਲਾ ਅਤੇ ਘਰੇਲੂ ਝਗੜਾ ਕੁਝ ਦੇਰ ਤੋਂ ਚੱਲ ਰਿਹਾ ਸੀ, ਜਿਸ ਕਰਕੇ ਉਹ ਵੱਖ ਰਹਿ ਰਹੇ ਸਨ। ਉੱਧਰ ਪੀਲ ਪੁਲਸ ਦੀ ਜਾਂਚ ਜਾਰੀ ਹੈ।ਕਿਸੇ ਵੀ ਵਿਅਕਤੀ ਨੂੰ ਪੁਲਸ ਨੂੰ ਉਕਤ ਘਟਨਾ ਦੀ ਜਾਣਕਾਰੀ ਦੇਣ ਲਈ 905-453-2121 ਐਕਸਟੈਂਸ਼ਨ 3205 ਜਾਂ 1-800-222-8477 'ਤੇ ਗੁਮਨਾਮ ਤੌਰ 'ਤੇ ਅਪਰਾਧ ਰੋਕਣ ਵਾਲਿਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।