ਪਟਿਆਲਾ ਦੇ ਡੀ. ਐੱਸ. ਪੀ. ’ਤੇ ਜਬਰ-ਜ਼ਿਨਾਹ ਦਾ ਦੋਸ਼। 

ਪਟਿਆਲਾ ਦੇ ਡੀ. ਐੱਸ. ਪੀ. ’ਤੇ ਜਬਰ-ਜ਼ਿਨਾਹ ਦਾ ਦੋਸ਼। 

ਪਟਿਆਲਾ ਦੇ ਇਕ ਡੀ.ਐੱਸ.ਪੀ. ਖ਼ਿਲਾਫ਼ ਉਸੇ ਦੇ ਮਕਾਨ ਵਿਚ 7 ਸਾਲਾਂ ਤੱਕ ਬਤੌਰ ਕਿਰਾਏਦਾਰ ਪਰਿਵਾਰ ਸਮੇਤ ਰਹੀ ਇਕ ਔਰਤ ਨੇ ਕਈ ਵਾਰ ਉਸ ਨਾਲ ਜਬਰ-ਜ਼ਿਨਾਹ ਕਰਨ, ਇਨਕਾਰ ਜਾਂ ਕਿਸੇ ਨੂੰ ਸ਼ਿਕਾਇਤ ਕਰਨ ’ਤੇ ਪੂਰੇ ਪਰਿਵਾਰ ’ਤੇ ਐੱਫ. ਆਈ. ਆਰ. ਦਰਜ ਕਰਨ ਦੀਆਂ ਧਮਕੀਆਂ ਦੇ ਦੋਸ਼ ਲਗਾਏ ਹਨ। ਔਰਤ ਤੇ ਉਸ ਦਾ ਪਤੀ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚੁੱਪ ਰਹੇ ਪਰ ਹੁਣ ਔਰਤ ਦੇ ਦੋਵੇਂ ਬੇਟੇ ਵਿਦੇਸ਼ ਚਲੇ ਗਏ ਹਨ, ਜਿਸ ਤੋਂ ਬਾਅਦ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤੇ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਗਠਿਤ ਕੀਤੀ ਗਈ ਐੱਸ. ਆਈ. ਟੀ. ਨੇ ਕੋਈ ਕਾਰਵਾਈ ਨਹੀਂ ਕੀਤੀ। ਔਰਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖਲ ਕਰਕੇ ਮੁਲਜ਼ਮ ਡੀ. ਐੱਸ. ਪੀ., ਉਸ ਦੇ ਗੰਨਮੈਨ ਤੇ ਧਮਕੀਆਂ ਦੇਣ ਵਾਲਿਆਂ ’ਤੇ ਮਾਮਲਾ ਦਰਜ ਕਰਨ ਤੇ ਉਸ ਦੀ ਅਤੇ ਪਰਿਵਾਰ ਦੀ ਸੁਰੱਖਿਆ ਦੀ ਅਪੀਲ ਕੀਤੀ ਹੈ।ਜਸਟਿਸ ਰਾਜਮੋਹਨ ਸਿੰਘ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸਰਕਾਰ ਤੇ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਨੂੰ ਸਰਕਾਰ ਦੀ ਵਕੀਲ ਅਕਾਂਕਸ਼ਾ ਨੇ ਮਨਜ਼ੂਰ ਕਰ ਲਿਆ ਹੈ। ਪ੍ਰਤੀਵਾਦੀਆਂ ਨੂੰ 18 ਅਕਤੂਬਰ ਤੱਕ ਅਦਾਲਤ ਵਿਚ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਹਨ। ਨਾਲ ਹੀ ਸਬੰਧਤ ਪੁਲਸ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਹੈ ਕਿ ਇਹ ਯਕੀਨੀ ਕੀਤਾ ਜਾਵੇ ਕਿ ਪੀੜਤ ਔਰਤ ਤੇ ਉਸ ਦੇ ਪਰਿਵਾਰ ਨੂੰ ਪੁਲਸ ਪ੍ਰੇਸ਼ਾਨ ਨਹੀਂ ਕਰੇਗੀ।