ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ  ਦਿੱਤਾ ਆਪਣਾ ਅਸਤੀਫਾ।

ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ  ਦਿੱਤਾ ਆਪਣਾ ਅਸਤੀਫਾ।

ਪਟਨਾ-

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਰਾਜ ਭਵਨ ਤੋਂ ਬਾਹਰ ਆਉਣ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਅਸੀਂ ਐਨਡੀਏ ਵਿੱਚ ਸੀ ਅਤੇ ਹੁਣ ਮੈਂ ਐਨਡੀਏ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਨਡੀਏ ਤੋਂ ਵੱਖ ਹੋਣ ਤੋਂ ਬਾਅਦ ਨਿਤੀਸ਼ ਕੁਮਾਰ ਨੇ ਮਹਾਗਠਜੋੜ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਫੈਸਲੇ ਤੋਂ ਬਾਅਦ ਉਹ ਰਾਜਪਾਲ ਨੂੰ ਅਸਤੀਫਾ ਦੇਣ ਲਈ ਰਾਜ ਭਵਨ ਪੁੱਜੇ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਹੀ ਨਿਤੀਸ਼ ਕੁਮਾਰ ਨੇ ਰਾਜਪਾਲ ਨੂੰ ਵਿਧਾਇਕਾਂ ਦਾ ਸਮਰਥਨ ਪੱਤਰ ਵੀ ਸੌਂਪਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਮਹਾਗਠਜੋੜ ਦੀ ਬੈਠਕ 'ਚ ਨਿਤੀਸ਼ ਕੁਮਾਰ ਨੂੰ ਸਮਰਥਨ ਦਿੱਤੇ ਜਾਣ ਤੋਂ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਸੀਐੱਮ ਨਿਤੀਸ਼ ਕੁਮਾਰ ਐਨਡੀਏ ਤੋਂ ਵੱਖ ਹੋ ਜਾਣਗੇ।

ਪਾਰਟੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਜੇਡੀਯੂ ਨੇ ਐਨਡੀਏ ਤੋਂ ਵੱਖ ਹੋਣ ਦਾ ਫੈਸਲਾ ਕੀਤਾ, ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ। ਇਸ ਘਟਨਾ ਤੋਂ ਬਾਅਦ ਨਿਤੀਸ਼ ਕੁਮਾਰ ਅਸਤੀਫਾ ਦੇਣ ਲਈ ਰਾਜਪਾਲ ਫੱਗੂ ਚੌਹਾਨ ਕੋਲ ਪਹੁੰਚੇ। ਕਿਹਾ ਜਾ ਰਿਹਾ ਸੀ ਕਿ ਨਿਤੀਸ਼ ਕੁਮਾਰ ਕਿਸੇ ਵੀ ਸਮੇਂ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਸਕਦੇ ਹਨ, ਪਰ ਆਖ਼ਰਕਾਰ ਰਾਜਪਾਲ ਨੇ ਉਨ੍ਹਾਂ ਨੂੰ ਸ਼ਾਮ ਕਰੀਬ 4 ਵਜੇ ਮਿਲਣ ਦਾ ਸਮਾਂ ਦੇ ਦਿੱਤਾ। ਅਸਤੀਫਾ ਦੇਣ ਲਈ ਨਿਤੀਸ਼ ਕੁਮਾਰ ਇਕੱਲੇ ਹੀ ਰਾਜ ਭਵਨ ਪਹੁੰਚੇ। ਉਨ੍ਹਾਂ ਦੇ ਅਸਤੀਫ਼ੇ ਸੌਂਪਣ ਨਾਲ ਬਿਹਾਰ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਸਾਫ਼ ਹੋ ਗਿਆ ਹੈ।ਬਿਹਾਰ ਵਿੱਚ ਸੱਤਾ ਦੇ ਨਵੇਂ ਸਮੀਕਰਨ ਮੁਤਾਬਕ ਜੇਡੀਯੂ, ਆਰਜੇਡੀ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਮਿਲ ਕੇ ਸਰਕਾਰ ਬਣਾਉਣਗੀਆਂ। ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ 160 ਵਿਧਾਇਕਾਂ (ਆਰਜੇਡੀ-79, ਜੇਡੀਯੂ-45, ਕਾਂਗਰਸ-19, ਖੱਬੇ-ਪੱਖੀ-16 ਅਤੇ ਆਜ਼ਾਦ-1) ਦੇ ਸਮਰਥਨ ਦਾ ਪੱਤਰ ਲੈ ਕੇ ਰਾਜ ਭਵਨ ਜਾਣਗੇ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ ਕਿ ਬਿਹਾਰ 'ਚ ਨਿਤੀਸ਼ ਕੁਮਾਰ ਅਤੇ ਤੇਜਸਵੀ ਯਾਦਵ ਕਦੋਂ ਨਵੀਂ ਸਰਕਾਰ ਬਣਾਉਂਦੇ ਹਨ।