ਆਜ਼ਾਦੀ ਦਿਹਾੜੇ ’ਤੇ ਫੇਲ੍ਹ ਹੋਏ ਪਨੂੰ ਦੇ ਮਨਸੂਬੇ

ਆਜ਼ਾਦੀ ਦਿਹਾੜੇ ’ਤੇ ਫੇਲ੍ਹ ਹੋਏ ਪਨੂੰ ਦੇ ਮਨਸੂਬੇ


 ਕੈਨੇਡਾ ਤੇ ਅਮਰੀਕਾ ਵਿੱਚ ਬਹਿ ਕੇ ਭਾਰਤੀ ਪੰਜਾਬ ਨੂੰ ਖਾਲਿਸਤਾਨੀ ਬਣਾਉਣ ਦੇ ਖਿਆਲੀ ਪੁਲਾਵ ਬਣਾਉਣ ਵਾਲੇ ਸਿੱਖ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪਨੂੰ ਨੂੰ ਆਜ਼ਾਦੀ ਦੇ ਦਿਹਾੜੇ ’ਤੇ ਪੰਜਾਬ ਵਾਸੀਆਂ ਨੇ ਕਰਾਰੀ ਚਪੇੜ ਮਾਰੀ ਹੈ। ਆਜ਼ਾਦੀ ਦਿਵਸ ਦੇ ਮੌਕੇ ’ਤੇ ਪੰਜਾਬ ਦੇ ਲੋਕਾਂ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਪਣੇ ਘਰਾਂ ’ਤੇ ਤਿਰੰਗੇ ਲਹਿਰਾ ਕੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਉਹ ਨੂੰ ਵਰਗਿਆਂ ਦੇ ਝਾਂਸੇ ਵਿੱਚ ਨਹੀਂ ਆਉਣ ਵਾਲੇ। ਹਾਲਾਂਕਿ ਪਨੂੰ ਨੇ ਆਜ਼ਾਦੀ ਦਿਹਾੜੇ ਤੋਂ ਇੱਕ ਮਹੀਨਾ ਪਹਿਲਾਂ ਹੀ ਕਿੱਲ-ਕਿੱਲ ਕੇ ਬੋਲ ਕੇ ਆਪਣਾ ਗਲਾ ਖ਼ਰਾਬ ਕਰ ਲਿਆ ਅਤੇ ਟੈਲੀਫੋਨ ਕਾਲਾਂ ਰਾਹੀਂ ਭਾਰਤ ਵਿੱਚ ਬੈਠੇ ਲੋਕਾਂ ਨੂੰ ਖਾਲਿਸਤਾਨੀ ਝੰਡੇ ਲਾਉਣ ਅਤੇ ਮੁੱਖ ਮੰਤਰੀਆਂ ਤੱਕ ਤਿਰੰਗਾ ਲਹਿਰਾਉਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਪੰਜਾਬ ਸਮੇਤ ਸਰਕਾਰ ਦੇ ਸਾਰੇ ਦਫ਼ਤਰਾਂ, ਸਕੂਲਾਂ, ਕਾਲਜਾਂ, ਹਸਪਤਾਲਾਂ ਅਤੇ ਆਮ ਲੋਕਾਂ ਦੇ ਘਰਾਂ ਵਿੱਚ ਤਿਰੰਗਾ ਸ਼ਾਨ ਨਾਲ ਲਹਿਰਾਇਆ ਅਤੇ ਭਵਿੱਖ ਵਿੱਚ ਵੀ ਸ਼ਾਨ ਨਾਲ ਲਹਿਰਾਉਦਾ ਰਹੇਗਾ। ਮੈਂ ਪਿਛਲੇ 40 ਸਾਲ ਤੋਂ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਕੇ ਮੀਡੀਆ ਦੇ ਮਾਧਿਅਮ ਰਾਹੀਂ ਲੋਕਾਂ ਦੀ ਸੇਵਾ ਕਰ ਰਿਹਾ ਹਾਂ ਅਤੇ ਮੈਨੂੰ ਇਹ ਗੁਣ ਭਾਰਤ ਦੀ ਆਪਣੀ ਮਿੱਟੀ ਤੋਂ ਮਿਲਿਆ ਹੈ। ਸਾਡੇ ਗੁਰੂਆਂ-ਪੀਰਾਂ ਨੇ ਹਮੇਸ਼ਾ ਸਾਨੂੰ ਸੇਵਾ ਕਰਨ ਦੀ ਸੇਧ ਦਿੱਤੀ ਹੈ ਅਤੇ ਅਸੀਂ ਉਨ੍ਹਾਂ ਦੇ ਪੂਰਨਿਆਂ ’ਤੇ ਚੱਲ ਕੇ ਹੀ ਕੈਨੇਡਾ ਵਿੱਚ ਬੈਠ ਕੇ ਵੀ ਭਾਰਤ ਮਾਤਾ ਦਾ ਨਾਂ ਉੱਚਾ ਕਰ ਰਹੇ ਹਾਂ। ਹਾਲਾਂਕਿ ਕੈਨੇਡਾ ਵਿੱਚ ਬਹਿ ਕੇ ਭਾਰਤ ਦੀ ਗੱਲ ਕਰਨਾ ਕਈ ਅਨਸਰਾਂ ਨੂੰ ਚੁੱਭਦਾ ਹੈ ਅਤੇ ਉਹ ਕਈ ਵਾਰ ਮੇਰੇ ’ਤੇ ਇਸ ਗੱਲ ਲਈ ਹਮਲਾ ਵੀ ਕਰ ਚੁੱਕੇ ਹਨ ਪਰ ਦੇਸ਼ ਦੀ ਗੱਲ ਕਰਨ ਵਾਲੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕਰਦੇ। ਮੈਂ ਭਵਿੱਖ ਵਿੱਚ ਵੀ ਸ਼ਾਨ ਨਾਲ ਤਿਰੰਗਾ ਲਹਿਰਾਉਦਾ ਰਹਾਂਗਾ ਅਤੇ ਪਨੂੰ ਵਰਗੇ ਦੇਸ਼ ਵਿਰੋਧੀ ਤੱਤਾਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਵਾਬ ਵੀ ਦਿੰਦਾ ਰਹਾਂਗਾ, ਜਿਸਦੇ ਨਾਲ ਹੀ ਦੇਸ਼-ਵਿਦੇਸ਼ ’ਚ ਬੈਠੇ ਸਾਰੇ ਭਾਰਤੀਆਂ ਨੂੰ ਮੇਰੇ ਵੱਲੋਂ ਆਜ਼ਾਦੀ ਦਿਹਾੜੇ ਦੀ ਮੁਬਾਰਕ। ਜੈ ਹਿੰਦ!

ਜੋਗਿੰਦਰ ਬਾਸੀ
ਮੁੱਖ ਸੰਪਾਦਕ