ਲਗਾਤਾਰ ਦੂਜੇ ਸਾਲ ਮੁਕੇਸ਼ ਅੰਬਾਨੀ ਨੇ ਨਹੀਂ ਲਈ ਤਨਖ਼ਾਹ, ਜਾਣੋ ਕਿੰਨੀ ਹੈ ਨੀਤਾ ਅੰਬਾਨੀ ਦੀ ਕਮਾਈ

ਲਗਾਤਾਰ ਦੂਜੇ ਸਾਲ ਮੁਕੇਸ਼ ਅੰਬਾਨੀ ਨੇ ਨਹੀਂ ਲਈ ਤਨਖ਼ਾਹ, ਜਾਣੋ ਕਿੰਨੀ ਹੈ ਨੀਤਾ ਅੰਬਾਨੀ ਦੀ ਕਮਾਈ


ਨਵੀਂ ਦਿੱਲੀ  ਹਿੰਦੋਸਤਾਨ ਪੋਸਟ ਬਿਊਰੋ
ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਨੇ ਲਗਾਤਾਰ ਦੂਜੇ ਸਾਲ ਇਕ ਪੈਸਾ ਵੀ ਤਨਖਾਹ ਵਜੋਂ ਨਹੀਂ ਲਿਆ ਹੈ। ਉਨ੍ਹਾਂ ਪਿਛਲੇ ਵਿੱਤੀ ਸਾਲ ਤੋਂ ਆਪਣੀ ਕੰਪਨੀ ਰਿਲਾਇੰਸ ਇੰਡਸਟਰੀਜ਼ ਤੋਂ ਕੋਈ ਤਨਖਾਹ ਨਹੀਂ ਲਈ ਹੈ। ਰਿਲਾਇੰਸ ਨੇ ਆਪਣੀ ਤਾਜ਼ਾ ਸਾਲਾਨਾ ਰਿਪੋਰਟ ਵਿੱਚ ਕਿਹਾ ਹੈ ਕਿ ਵਿੱਤੀ ਸਾਲ 2020-21 ਲਈ ਅੰਬਾਨੀ ਦਾ ਮਿਹਨਤਾਨਾ ’ਜ਼ੀਰੋ’ ਸੀ। ਮੁਕੇਸ਼ ਅੰਬਾਨੀ ਨੇ ਕੋਰੋਨਾ ਮਹਾਮਾਰੀ ਦੇ ਫੈਲਣ ਤੋਂ ਬਾਅਦ ਕਾਰੋਬਾਰ ਅਤੇ ਅਰਥਵਿਵਸਥਾ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਸਵੈ-ਇੱਛਾ ਨਾਲ ਆਪਣੀ ਤਨਖਾਹ ਛੱਡ ਦਿੱਤੀ ਹੈ। ਉਨ੍ਹਾਂ 2020-21 ਤੇ 2021-22 ਲਈ ਕੋਈ ਤਨਖਾਹ (ਮੁਕੇਸ਼ ਅੰਬਾਨੀ ਨੀਲ ਤਨਖਾਹ) ਨਹੀਂ ਲਈ ਹੈ।  2019-20 ਤਕ ਉਨ੍ਹਾਂ ਸਿਰਫ 15 ਕਰੋੜ ਰੁਪਏ ਤਨਖ਼ਾਹ ਵਜੋਂ ਲਏ, ਯਾਨੀ 11 ਸਾਲਾਂ ਤਕ ਉਨ੍ਹਾਂ ਦੀ ਤਨਖ਼ਾਹ ਇੱਕੋ ਜਿਹੀ ਰਹੀ। ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ, ਜੋ ਕੰਪਨੀ ਦੇ ਬੋਰਡ ’ਚ ਗੈਰ-ਕਾਰਜਕਾਰੀ ਨਿਰਦੇਸ਼ਕ ਹਨ, ਨੂੰ ਮੀਟਿੰਗ ’ਚ ਸ਼ਾਮਲ ਹੋਣ ਲਈ 5 ਲੱਖ ਰੁਪਏ ਤੋਂ ਇਲਾਵਾ 2 ਕਰੋੜ ਰੁਪਏ ਦਾ ਕਮਿਸ਼ਨ ਮਿਲਿਆ ਹੈ। ਪਿਛਲੇ ਸਾਲ ਉਨ੍ਹਾਂ ਨੂੰ 8 ਲੱਖ ਰੁਪਏ ਸਿਟਿੰਗ ਫੀਸ ਤੇ 1.65 ਕਰੋੜ ਰੁਪਏ ਕਮਿਸ਼ਨ ਮਿਲੀ ਸੀ। ਮੁਕੇਸ਼ ਅੰਬਾਨੀ ਦੇ ਚਚੇਰੇ ਭਰਾਵਾਂ ਨਿਖਿਲ ਤੇ ਹਿਤਲ ਮੇਸਵਾਨੀ ਦੀ ਤਨਖ਼ਾਹ 24 ਕਰੋੜ ਰੁਪਏ ਹੈ ਪਰ ਇਸ ਵਾਰ ਇਸ ਵਿੱਚ 17.28 ਕਰੋੜ ਰੁਪਏ ਦੀ ਕਮਿਸ਼ਨ ਵੀ ਸ਼ਾਮਲ ਹੈ।