ਪ੍ਰਧਾਨ ਮੰਤਰੀ ਨੇ ਕੀਤੀ ਸੰਵਿਧਾਨ ਦੀ ਉਲੰਘਣਾ : ਵਿਰੋਧੀ ਪਾਰਟੀਆਂ

ਪ੍ਰਧਾਨ ਮੰਤਰੀ ਨੇ ਕੀਤੀ ਸੰਵਿਧਾਨ ਦੀ ਉਲੰਘਣਾ : ਵਿਰੋਧੀ ਪਾਰਟੀਆਂ

 ਨਵੀਂ ਦਿੱਲੀ:

ਸੀਪੀਐੱਮ ਤੇ ਏਆਈਐੱਮਆਈਐੱਮ ਜਿਹੀਆਂ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮੀ ਚਿੰਨ੍ਹ ਦੇ ਕੀਤੇ ਉਦਘਾਟਨ ਨੂੰ ‘ਸੰਵਿਧਾਨ’ ਦੀ ਉਲੰਘਣਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹੀ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿਚਾਲੇ ਤਾਕਤਾਂ ਨੂੰ ਨਿਖੇੇੜਦਾ ਹੈ। ਘੁੰਡ ਚੁਕਾਈ ਸਮਾਗਮ ਵਿੱਚ ਮੋਦੀ ਦੀ ਮੌਜੂਦਗੀ ਦੀ ਨੁਕਤਾਚੀਨੀ ਕਰਦਿਆਂ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਨੇ ਕਿਹਾ, ‘‘ਸੰਵਿਧਾਨ ਸੰਸਦ, ਸਰਕਾਰ ਤੇ ਨਿਆਂਪਾਲਿਕਾ ਦੀਆਂ ਤਾਕਤਾਂ ਨੂੰ ਨਿਖੇੜਦਾ ਹੈ।

ਸਰਕਾਰ ਦਾ ਮੁਖੀ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਨੂੰ ਨਵੀਂ ਸੰਸਦੀ ਇਮਾਰਤ ਦੀ ਛੱਤ ’ਤੇ ਕੌਮੀ ਚਿੰਨ੍ਹ ਦੀ ਘੁੰਡ ਚੁਕਾਈ ਨਹੀਂ ਕਰਨੀ ਚਾਹੀਦੀ ਸੀ। ਓਵਾਇਸੀ ਨੇ ਕਿਹਾ, ‘‘ਲੋਕ ਸਭਾ ਦਾ ਸਪੀਕਰ, ਲੋਕ ਸਭਾ ਦੀ ਨੁਮਾਇੰਦਗੀ ਕਰਦਾ ਹੈ, ਜੋ ਸਰਕਾਰ ਦੇ ਅਧੀਨ ਨਹੀਂ ਹੈ। ਪ੍ਰਧਾਨ ਮੰਤਰੀ ਨੇ ਸਾਰੇ ਸੰਵਿਧਾਨਕ ਨੇਮਾਂ ਦੀ ਅਵੱਗਿਆ ਕੀਤੀ ਹੈ।’’ ਸੀਪੀਐੱਮ ਦੀ ਪੋਲਿਟ ਬਿਊਰੋ ਨੇ ਵੀ ਇਕ ਬਿਆਨ ਵਿੱਚ ਪ੍ਰਧਾਨ ਮੰਤਰੀ ਦੀ ਕਾਰਵਾਈ ਨੂੰ ‘ਭਾਰਤੀ ਸੰਵਿਧਾਨ ਦੀ ਸਪਸ਼ਟ ਉਲੰਘਣਾ ਕਰਾਰ ਦਿੱਤਾ ਹੈ।’ ਪਾਰਟੀ ਨੇ ਘੁੰਡ ਚੁਕਾਈ ਮੌਕੇ ਕੀਤੇ ਧਾਰਮਿਕ ਸਮਾਗਮ ’ਤੇ ਵੀ ਉਜ਼ਰ ਜਤਾਇਆ। ਉਧਰ ਭਾਜਪਾ ਤਰਜਮਾਨ ਸੁਧਾਂਸ਼ੂ ਤ੍ਰਿਵੇਦੀ ਨੇ ਓਵਾਇਸੀ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦਿਮਾਗ ਹਮੇਸ਼ਾ ਨਕਾਰਾਤਮਕ ਗੱਲਾਂ ਵਾਲੇ ਪਾਸੇ ਚਲਦਾ ਹੈ ਤੇ ਮਹਿਜ਼ ਆਪਣੀ ਪਾਰਟੀ ਚਲਾਉਣ ਲਈ ਉਹ ਲਗਾਤਾਰ ਦੇਸ਼ ਦੀ ਸਿਆਸੀ, ਮੌਲਿਕ, ਸਮਾਜਿਕ, ਸਭਿਆਚਾਰਕ ਤੇ ਸੰਵਿਧਾਨਕ ਕਦਰਾ ਕੀਮਤਾਂ ਨੂੰ ਸੱਟ ਮਾਰਦੇ ਆੲੇ ਹਨ।