ਨਵੀਂ ਸੰਸਦੀ ਇਮਾਰਤ ’ਤੇ ਕੌਮੀ ਚਿੰਨ੍ਹ ਦੀ ਘੁੰਡ ਚੁਕਾਈ ਪ੍ਰਧਾਨ ਮੰਤਰੀ ਮੋਦੀ ਹੱਥੋਂ।

ਨਵੀਂ ਸੰਸਦੀ ਇਮਾਰਤ ’ਤੇ ਕੌਮੀ ਚਿੰਨ੍ਹ ਦੀ ਘੁੰਡ ਚੁਕਾਈ ਪ੍ਰਧਾਨ ਮੰਤਰੀ ਮੋਦੀ ਹੱਥੋਂ।


ਨਵੀਂ ਦਿੱਲੀ, 11 ਜੁਲਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਸੰਸਦੀ ਇਮਾਰਤ ਦੀ ਛੱਤ ’ਤੇ ਸਥਾਪਿਤ ਕੀਤੇ ਕੌਮੀ ਚਿੰਨ੍ਹ ਦੀ ਅੱਜ ਘੁੰਡ ਚੁਕਾਈ ਕੀਤੀ। ਤਾਂਬੇ ਦੇ ਬਣੇ ਇਸ ਕੌਮੀ ਚਿੰਨ੍ਹ ਦਾ ਕੁੱਲ ਵਜ਼ਨ 9500 ਕਿਲੋ ਹੈ ਤੇ ਇਸ ਦੀ ਉਚਾਈ 6.5 ਮੀਟਰ ਹੈ। ਸਾਲ ਦੇ ਅੰਤ ਤੱਕ ਇਸ ਨਵੀਂ ਇਮਾਰਤ ਦੇ ਤਜਵੀਜ਼ਤ ਉਦਘਾਟਨ ਤੋਂ ਪਹਿਲਾਂ ਕੌਮੀ ਚਿੰਨ ਦੀ ਘੁੰਡ ਚੁਕਾਈ ਪਹਿਲਾ ਵੱਡਾ ਮੀਲਪੱਥਰ ਹੈ।

ਸਰਕਾਰ ਦਾ ਦਾਅਵਾ ਹੈ ਕਿ ਸੰਸਦ ਦਾ ਸਰਦ ਰੁੱਤ ਇਜਲਾਸ ਨਵੀਂ ਇਮਾਰਤ ਵਿੱਚ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਕੌਮੀ ਚਿੰਨ੍ਹ ਨੂੰ ਨਵੀਂ ਸੰਸਦੀ ਇਮਾਰਤ ਦੇ ਕੇਂਦਰੀ ਹਾਲ ਦੇ ਐੱਨ ਉਪਰ ਸਥਾਪਿਤ ਕੀਤਾ ਗਿਆ ਹੈ। ਕੌਮੀ ਚਿੰਨ੍ਹ ਦੇ ਆਲੇ ਦੁਆਲੇ 6500 ਕਿਲੋ ਦੇ ਕਰੀਬ ਸਟੀਲ ਦਾ ਢਾਂਚਾ ਉਸਾਰਿਆ ਗਿਆ ਹੈ, ਜੋ ਇਸ ਨੂੰ ਸਹਾਰਾ ਦੇਵੇਗਾ। ਨਵੀਂ ਸੰਸਦੀ ਇਮਾਰਤ ਦੀ ਛੱਤ ’ਤੇ ਕੌਮੀ ਚਿੰਨ੍ਹ ਦੀ ਕਾਸਟਿੰਗ ਦਾ ਅਮਲ ਤੇ ਸਕੈੱਚ ਅੱਠ ਵੱਖੋ-ਵੱਖਰੇ ਪੜਾਵਾਂ ਦੀ ਤਿਆਰੀ ’ਚੋਂ ਨਿਕਲਿਆ ਹੈ, ਜਿਸ ਵਿੱਚ ਕਲੇਅ ਮਾਡਲਿੰਗ ਤੇ ਕੰਪਿਊਟਰ ਗ੍ਰਾਫਿਕਸ ਤੋਂ ਤਾਂਬੇ ਦੀ ਕਾਸਟਿੰਗ ਤੇ ਪੌਲਿਸ਼ਿੰਗ ਸ਼ਾਮਲ ਹੈ। ਘੁੰਡ ਚੁਕਾਈ ਮੌਕੇ ਸ੍ਰੀ ਮੋਦੀ ਨਾਲ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਵੀ ਮੌਜੂਦ ਸਨ। ਸ੍ਰੀ ਮੋਦੀ ਇਸ ਮੌਕੇ ਇਮਾਰਤ ਦੀ ਉਸਾਰੀ ਕਰਨ ਵਾਲੇ ਕਾਮਿਆਂ ਨੂੰ ਵੀ ਮਿਲੇ ਅਤੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕੰਮ ’ਤੇ ਮਾਣ ਹੋਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਮਗਰੋਂ ਟਵੀਟ ਕੀਤਾ, ‘‘ਸੰਸਦੀ ਇਮਾਰਤ ਦੀ ਉਸਾਰੀ ਵਿੱਚ ਸ਼ਾਮਲ ਸ਼੍ਰਮਜੀਵੀਆਂ ਨਾਲ ਸ਼ਾਨਦਾਰ ਮਿਲਣੀ ਕੀਤੀ। ਸਾਨੂੰ ਉਨ੍ਹਾਂ ਵੱਲੋਂ ਕੀਤੀ ਘਾਲਣਾ ’ਤੇ ਮਾਣ ਹੈ ਤੇ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।’’