ਬਠਿੰਡਾ ਤੋਂ ਜਲੰਧਰ ਲਿਆਵੇਗੀ ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਸ, ਸ਼ਹਿਰ ’ਚ ਵੱਦੀ ਸੁਰੱਖਿਆ। 

ਬਠਿੰਡਾ ਤੋਂ ਜਲੰਧਰ ਲਿਆਵੇਗੀ ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੁਲਸ, ਸ਼ਹਿਰ ’ਚ ਵੱਦੀ ਸੁਰੱਖਿਆ। 

ਸਿੱਧੂ ਮੂਸੇਵਾਲਾ ਦੇ ਕਾਤਲ ਲਾਰੈਂਸ ਬਿਸ਼ਨੋਈ ਨੂੰ ਅੱਜ ਜਲੰਧਰ ਕਮਿਸ਼ਨਰੇਟ ਪੁਲਸ ਪੁੱਛਗਿੱਛ ਲਈ ਜਲੰਧਰ ਲਿਆ ਰਹੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਬਠਿੰਡਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ। ਉਥੇ ਹੀ ਜਲੰਧਰ ਦੀ ਪੁਲਸ ਵੀ ਉਸ ਨੂੰ ਇਥੇ ਲਿਆਉਣ ਲਈ ਇਥੋਂ ਬਠਿੰਡਾ ਲਈ ਨਿਕਲ ਚੁੱਕੀ ਹੈ। ਇਹ ਗੈਂਗਸਟਰ ਕਈ ਅਪਰਾਧਿਕ ਮਾਮਲਿਆਂ ਦੀ ਸਾਜ਼ਿਸ਼ ਰਚਦਾ ਹੈ, ਜਿਸ ਬਾਰੇ ਉਸ ਤੋਂ ਪੁੱਛਗਿੱਛ ਕੀਤੀ ਜਾਣੀ ਹੈ।ਉਥੇ ਹੀ ਸ਼ਹਿਰ ਵਿਚ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਗਏ ਹਨ। ਇਸ ਗੈਂਗਸਟਰ ਨੂੰ ਸੀ. ਆਈ. ਏ. ਸਟਾਫ਼ ’ਚ ਰੱਖਿਆ ਜਾਣਾ ਹੈ ਪਰ ਇਸ ਤੋਂ ਪਹਿਲਾਂ ਦੇਰ ਰਾਤ ਜਦੋਂ ਸੀ. ਆਈ. ਏ. ਸਟਾਫ਼ ਦੇ ਸੰਤਰੀ ਦੀ ਸਥਿਤੀ ਵੇਖੀ ਤਾਂ ਉਹ ਕਾਬੂ ਤੋਂ ਬਾਹਰ ਵਿਖਾਈ ਦਿੱਤਾ। 

ਦੱਸਿਆ ਜਾ ਰਿਹਾ ਹੈ ਕਿ ਇਸ ਵੱਡੇ ਗੈਂਗਸਟਰ ਖ਼ਿਲਾਫ਼ ਜਲੰਧਰ ’ਚ ਅਪਰਾਧਿਕ ਯੋਜਨਾਵਾਂ ਤਿਆਰ ਕਰਨ ਦਾ ਮਾਮਲਾ ਦਰਜ ਹੈ। ਐੱਨ. ਆਈ. ਏ. ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਇਸ ਗੈਂਗਸਟਰ ਤੋਂ ਕਈ ਪੁਲਸ ਅਧਿਕਾਰੀ ਪੁੱਛਗਿੱਛ ਕਰ ਸਕਦੇ ਹਨ। ਇਸ ਵੱਡੇ ਗੈਂਗਸਟਰ ਨੂੰ ਸ਼ਨੀਵਾਰ ਦੁਪਹਿਰ ਕਰੀਬ 2 ਵਜੇ ਅਦਾਲਤ ’ਚ ਪੇਸ਼ ਕੀਤਾ ਜਾਣਾ ਹੈ। ਉਂਝ ਅਫ਼ਸਰਾਂ ਨੂੰ ਚਾਹੀਦਾ ਹੈ ਕਿ ਉਹ ਜਿੱਥੇ ਇਸ ਖ਼ਤਰਨਾਕ ਗੈਂਗਸਟਰ ਨੂੰ ਰੱਖਿਆ ਜਾਣ ਹੈ, ਉਸ ਦੇ ਸਟਾਫ਼ ਦੀ ਸੈਂਟਰੀ ’ਤੇ ਧਿਆਨ ਦੇਣ, ਕਿਉਂਕਿ ਅਜਿਹੇ ਮੁਲਾਜ਼ਮ ਨੂੰ ਨਸ਼ੇ ਦੀ ਹਾਲਤ ’ਚ ਕੋਈ ਵੀ ਜ਼ਿੰਮੇਵਾਰੀ ਦੇਣ ਕਾਰਨ ਵਿਵਾਦ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਡਿਪਟੀ ਕਤਲ ਕੇਸ ’ਚ ਇਸ ਗੈਂਗਸਟਰ ਦਾ ਨਾਂ ਵੀ ਜੁੜਿਆ ਸੀ। ਇਸ ਤੋਂ ਇਲਾਵਾ ਇਸ ਦਾ ਸਬੰਧ ਪੁਨੀਤ ਤੋਂ ਗੁਰੂਗ੍ਰਾਮ ਗੈਂਗਸਟਰ ਕੌਸ਼ਲ ਚੌਧਰੀ ਨਾਲ ਵੀ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨੂੰ ਵੀ ਇਸੇ ਗੈਂਗਸਟਰ ਨੇ ਧਮਕੀ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ੋਨਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਬੀਤੇ ਦਿਨ ਇਕ ਵਾਰ ਫਿਰ ਲਾਰੈਂਸ ਦੇ ਕਤਲ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। ਲਾਰੈਂਸ ਦੇ ਵਕੀਲ ਨੇ ਪੰਜਾਬ ਪੁਲਸ ’ਤੇ ਵੱਡੇ ਦੋਸ਼ ਲਗਾਉਂਦੇ ਹੋਏ ਆਖਿਆ ਹੈ ਕਿ ਲਾਰੈਂਸ ਪਿਛਲੀ 13 ਜੂਨ ਤੋਂ ਪੰਜਾਬ ਪੁਲਸ ਦੀ ਕਸਟਡੀ ਵਿਚ ਹੈ ਅਤੇ ਪਿਛਲੇ 12 ਦਿਨ ਤੋਂ ਉਸ ਨੂੰ ਬਠਿੰਡਾ ਦੇ ਇਕ ਝੂਠੇ ਮਾਮਲੇ ਵਿਚ ਰਿਮਾਂਡ ’ਤੇ ਲਿਆ ਗਿਆ ਹੈ। ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਇਕ ਮਜ਼ਬੂਤ ਖ਼ਬਰ ਹੈ ਕਿ ਸ਼ਨੀਵਾਰ ਜਦੋਂ ਪੰਜਾਬ ਪੁਲਸ ਲਾਰੈਂਸ ਦਾ ਰਿਮਾਂਡ ਖ਼ਤਮ ਹੋਣ ’ਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰੇਗੀ ਤਾਂ ਲਾਰੈਂਸ ਨਾਲ ਕੋਈ ਅਣਹੋਣੀ ਵਾਪਰ ਸਕਦੀ ਹੈ। ਵਿਸ਼ਾਲ ਚੋਪੜਾ ਨੇ ਕਿਹਾ ਕਿ ਪੰਜਾਬ ਪੁਲਸ ਇਕ ਸਾਜ਼ਿਸ਼ ਦੇ ਤਹਿਤ ਆਪਣੇ ਹੀ ਆਦਮੀਆਂ ਨੂੰ ਤਿਆਰ ਕਰਕੇ ਉਥੇ ਕੁਝ ਏਜੰਸੀਆਂ ਰਾਹੀਂ ਇਹ ਵਿਖਾਉਣ ਦੀ ਕੋਸ਼ਿਸ਼ ਕਰੇਗੀ ਕਿ ਲਾਰੈਂਸ ਨੇ ਪੁਲਸ ਸੁਰੱਖਿਆ ਵਿਚ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਹਿਤ ਉਸ ਦਾ ਝੂਠਾ ਐਨਕਾਊਂਟਰ ਕੀਤਾ ਜਾ ਸਕਦਾ ਹੈ। 

ਲਾਰੈਂਸ ਦੇ ਵਕੀਲ ਨੇ ਕਿਹਾ ਸੀ ਕਿ ਪੰਜਾਬ ਪੁਲਸ ਸਾਜ਼ਿਸ਼ ਦੇ ਤਹਿਤ ਵਿਰੋਧੀ ਗੈਂਗ ਨੂੰ ਮੌਕਾ ਦੇ ਕੇ ਵੀ ਉਸ ਦਾ ਕਤਲ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਪੁਲਸ ਨੂੰ ਅਲਰਟ ਕੀਤਾ ਹੈ ਕਿ ਵਿਰੋਧੀ ਗੈਂਗ ਕਿਸੇ ਸਮੇਂ ਵੀ ਲਾਰੈਂਸ ’ਤੇ ਹਮਲਾ ਕਰ ਸਕਦੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਤੇ ਪਟਿਆਲਾ ਹਾਊਸ ਕੋਰਟ ਨੇ ਵੀ ਸਖ਼ਤ ਹਿਦਾਇਤ ਦਿੱਤੀ ਸੀ ਕਿ ਲਾਰੈਂਸ ਦੀ ਸੁਰੱਖਿਆ ਵਿਚ ਢਿੱਲ ਨਾ ਵਰਤੀ ਜਾਵੇ। ਇਸ ਸਭ ਦੇ ਦਰਮਿਆਨ ਜੇਕਰ ਲਾਰੈਂਸ ਨਾਲ ਕੋਈ ਅਣਹੋਣੀ ਵਾਪਰਦੀ ਹੈ ਤਾਂ ਪੰਜਾਬ ਪੁਲਸ ਨੂੰ ਇਸ ਦਾ ਜਵਾਬ ਸੁਪਰੀਮ ਕੋਰਟ ਵਿਚ ਦੇਣਾ ਪਵੇਗਾ। ਪੰਜਾਬ ਪੁਲਸ ਕਿਸੇ ਕੀਮਤ ’ਤੇ ਸੁਰੱਖਿਆ ਵਿਚ ਢਿੱਲ ਨਾ ਵਰਤੇ। ਵਕੀਲ ਵਿਸ਼ਾਲ ਚੋਪੜਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਪੱਕੀ ਜਾਣਕਾਰੀ ਹੈ, ਲਿਹਾਜ਼ਾ ਪੰਜਾਬ ਪੁਲਸ ਇਸ ਨੂੰ ਹਲਕੇ ਵਿਚ ਨਾ ਲਵੇ। ਇਸ ਲਈ ਉਹ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਨੂੰ ਚੌਕੰਨਾ ਕਰਨਾ ਚਾਹੁੰਦੇ ਹਨ ਕਿ ਲਾਰੈਂਸ ਦੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਜਾਣ। ਜੇ ਲਾਰੈਂਸ ਦੀ ਜਾਨ ਨੂੰ ਕੋਈ ਖ਼ਤਰਾ ਪੈਦਾ ਹੋਇਆ ਤਾਂ ਉਸ ਦੀ ਜ਼ਿੰਮੇਵਾਰ ਸਿਰਫ਼ ਅਤੇ ਸਿਰਫ਼ ਪੰਜਾਬ ਪੁਲਸ ਹੀ ਹੋਵੇਗੀ।