ਸੁਖਬੀਰ ਬਾਦਲ ਦੀ ਪੰਜਾਬ ''ਚ ਖੁਲ ਰਹੇ ਮੁਹੱਲਾ ਕਲੀਨਿਕ ਤੇ ਸਿਵਲ ਹਸਪਤਾਲ ਦੀ ਹਾਲਤ ਤੇ ਟਿਪਣੀ

 ਸੁਖਬੀਰ ਬਾਦਲ ਦੀ ਪੰਜਾਬ ''ਚ ਖੁਲ ਰਹੇ ਮੁਹੱਲਾ ਕਲੀਨਿਕ ਤੇ ਸਿਵਲ ਹਸਪਤਾਲ ਦੀ ਹਾਲਤ ਤੇ ਟਿਪਣੀ

 ਜਲੰਧਰ:
 ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਤਵਾਰ ਪਾਰਟੀ ਵਰਕਰਾਂ ਨੂੰ ਮਿਲਣ ਜਲੰਧਰ ਪੁੱਜੇ, ਜਿੱਥੇ ਉਨ੍ਹਾਂ ਨਿੱਜੀ ਹੋਟਲ 'ਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਆਉਣ ਵਾਲੀਆਂ ਕਾਰਪੋਰੇਸ਼ਨ ਚੋਣਾਂ ਲਈ ਉਹ ਆਪਣੇ ਵਰਕਰਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਜਲੰਧਰ ਆਏ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਬਣਾਏ ਜਾ ਰਹੇ ਮੁਹੱਲਾ ਕਲੀਨਿਕਾਂ ਬਾਰੇ ਗੱਲਬਤ ਕਰਦਿਆਂ ਬਾਦਲ ਨੇ ਕਿਹਾ ਕਿ ਜਿਹੜੀਆਂ ਬਿਲਡਿੰਗਾਂ 'ਚ ਉਨ੍ਹਾਂ ਦੀ ਸਰਕਾਰ ਵੇਲੇ ਸੇਵਾ ਕੇਂਦਰ ਬਣਾਏ ਗਏ ਸਨ, ਉਨ੍ਹਾਂ ਹੀ ਬਿਲਡਿੰਗਾਂ 'ਚ ਹੁਣ 'ਆਪ' ਸਰਕਾਰ ਵੱਲੋਂ ਮੁਹੱਲਾ ਕਲੀਨਿਕ ਬਣਾਏ ਜਾ ਰਹੇ ਹਨ। ਦਿੱਲੀ ਵਿੱਚ ਵੀ 'ਆਪ' ਨੇ 200 ਮੁਹੱਲਾ ਕਲੀਨਿਕ ਬਣਾਏ ਸਨ ਪਰ ਉਨ੍ਹਾਂ 'ਚੋਂ ਹੁਣ ਸਿਰਫ 60 ਹੀ ਚੱਲ ਰਹੇ ਨੇ, ਬਾਕੀ ਖੰਡਰ ਹੋਏ ਪਏ ਹਨ। ਇਕ ਵੀ ਗਾਰੰਟੀ ਇਨ੍ਹਾਂ ਪੂਰੀ ਨਹੀਂ ਕੀਤੀ।

ਸਿਵਲ ਹਸਪਤਾਲਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਹਸਪਤਾਲਾਂ 'ਚ ਨਾ ਡਾਕਟਰ ਹਨ, ਨਾ ਦਵਾਈਆਂ ਤੇ ਨਾ ਹੀ ਸਫ਼ਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ 'ਆਪ' ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਹੀਂ, ਰਾਘਵ ਚੱਢਾ ਚਲਾ ਰਹੇ ਹਨ। ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ 'ਤੇ ਸਿਮਰਨਜੀਤ ਸਿੰਘ ਮਾਨ ਦੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਗੱਲ ਹੈ, ਮਾਨ ਸਾਹਿਬ ਨੂੰ ਏਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਮਨਪ੍ਰੀਤ ਇਯਾਲੀ ਦੇ ਬਿਆਨ 'ਤੇ ਬਾਦਲ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਰਸਨਲ ਬਿਆਨ ਹੈ, ਉਹ ਉਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।