ICC ਵਰਲਡ ਕੱਪ 2023 ਦੀਆਂ ਸਾਰੀਆਂ 10 ਟੀਮਾਂ ਫਾਈਨਲ, ਵੱਡੀਆਂ ਟੀਮਾਂ ਦਾ ਕੱਟਿਆ ਪੱਤਾ

ICC ਵਰਲਡ ਕੱਪ 2023 ਦੀਆਂ ਸਾਰੀਆਂ 10 ਟੀਮਾਂ ਫਾਈਨਲ, ਵੱਡੀਆਂ ਟੀਮਾਂ ਦਾ ਕੱਟਿਆ ਪੱਤਾ

ਇਸ ਸਾਲ ਭਾਰਤ ਵਿੱਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਵਿੱਚ ਖੇਡਣ ਵਾਲੀਆਂ ਸਾਰੀਆਂ 10 ਟੀਮਾਂ ਦੇ ਨਾਂ ਸਾਹਮਣੇ ਆ ਗਏ ਹਨ। ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਦੇ ਆਧਾਰ ‘ਤੇ ਟੂਰਨਾਮੈਂਟ ਵਿਚ ਖੇਡਣ ਵਾਲੀਆਂ ਪਹਿਲੀਆਂ 8 ਟੀਮਾਂ ਦੇ ਨਾਂ ਤੈਅ ਕੀਤੇ ਗਏ। ਚੋਟੀ ਦੀਆਂ 8 ਵਨਡੇ ਰੈਂਕਿੰਗ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਟੂਰਨਾਮੈਂਟ ਵਿੱਚ ਸਿੱਧੀ ਐਂਟਰੀ ਮਿਲੀ। ਬਾਕੀ 2 ਟੀਮਾਂ ਦੇ ਨਾਵਾਂ ਦਾ ਫੈਸਲਾ ਵਿਸ਼ਵ ਕੱਪ ਕੁਆਲੀਫਾਇਰ ਮੈਚਾਂ ਰਾਹੀਂ ਕੀਤਾ ਗਿਆ।

ਆਈਸੀਸੀ ਵਰਲਡ ਕੱਪ ਦੀ ਮੇਜ਼ਬਾਨੀ ਕਰ ਰਿਹਾ ਭਾਰਤ ਵਿਸ਼ਵ ਕੱਪ ਸੁਪਰ ਲੀਗ ਵਿੱਚ ਛੇਵੇਂ ਸਥਾਨ ’ਤੇ ਰਿਹਾ। ਮੇਜ਼ਬਾਨ ਹੋਣ ਕਾਰਨ ਟੀਮ ਦੀ ਜਗ੍ਹਾ ਟੂਰਨਾਮੈਂਟ ਵਿੱਚ ਪਹਿਲਾਂ ਹੀ ਪੱਕੀ ਹੋ ਚੁੱਕੀ ਸੀ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਇਕੱਲੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। 1987, 1996 ਅਤੇ 2011 ਵਿੱਚ ਗੁਆਂਢੀ ਦੇਸ਼ਾਂ ਨਾਲ ਮਿਲ ਕੇ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਤੋਂ ਬਾਅਦ ਬੀਸੀਸੀਆਈ ਲਈ ਇਹ ਇੱਕ ਵੱਡੀ ਪ੍ਰਾਪਤੀ ਹੋਵੇਗੀ।

ਆਈਸੀਸੀ ਵਿਸ਼ਵ ਕੱਪ ਵਿੱਚ ਥਾਂ ਬਣਾਉਣ ਵਾਲੀਆਂ ਚੋਟੀ ਦੀਆਂ 8 ਟੀਮਾਂ ਵਿੱਚ ਨਿਊਜ਼ੀਲੈਂਡ ਪਹਿਲੇ ਸਥਾਨ ’ਤੇ ਹੈ, ਜਿਸ ਨੇ ਸੁਪਰ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੂਰਨਾਮੈਂਟ ਵਿੱਚ ਥਾਂ ਬਣਾਈ। ਮੌਜੂਦਾ ਵਿਸ਼ਵ ਕੱਪ ਜੇਤੂ ਇੰਗਲੈਂਡ ਦੀ ਟੀਮ ਦੂਜੇ ਨੰਬਰ ‘ਤੇ ਸੀ। ਬੰਗਲਾਦੇਸ਼ ਦੀ ਟੀਮ ਤੀਜੇ ਨੰਬਰ ‘ਤੇ ਅਤੇ ਆਸਟਰੇਲੀਆ ਚੌਥੇ ਨੰਬਰ ‘ਤੇ ਰਹੀ। ਅਫਗਾਨਿਸਤਾਨ ਦੀ ਟੀਮ ਪੰਜਵੇਂ ਜਦਕਿ ਭਾਰਤ ਛੇਵੇਂ ਨੰਬਰ ‘ਤੇ ਸੀ। ਸੱਤਵੇਂ ਨੰਬਰ ‘ਤੇ ਪਾਕਿਸਤਾਨ ਜਦਕਿ ਦੱਖਣੀ ਅਫਰੀਕਾ ਦੀ ਟੀਮ ਆਖਰੀ ਸਥਾਨ ‘ਤੇ ਰਹੀ।

13 ਵਿੱਚੋਂ ਆਖਰੀ 5 ਟੀਮਾਂ ਜੋ ਵਿਸ਼ਵ ਕੱਪ ਸੁਪਰ ਲੀਗ ਵਿੱਚ ਥਾਂ ਨਹੀਂ ਬਣਾ ਸਕੀਆਂ ਸਨ, ਨੂੰ ਸਹਿਯੋਗੀ ਦੇਸ਼ਾਂ ਨਾਲ ਖੇਡ ਕੇ ਟੂਰਨਾਮੈਂਟ ਵਿੱਚ ਥਾਂ ਬਣਾਉਣ ਦਾ ਦੂਜਾ ਮੌਕਾ ਦਿੱਤਾ ਗਿਆ ਸੀ। 5 ਐਸੋਸੀਏਟ ਟੀਮਾਂ ਅਤੇ 5 ਪ੍ਰਮੁੱਖ ਟੀਮਾਂ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਸ਼ਾਮਲ ਹੋਈਆਂ। ਸ੍ਰੀਲੰਕਾ ਨੇ ਸਭ ਤੋਂ ਪਹਿਲਾਂ ਕੁਆਲੀਫਾਇਰ ਰਾਹੀਂ ਵਿਸ਼ਵ ਕੱਪ ਲਈ ਥਾਂ ਬਣਾਈ, ਜਿਸ ਤੋਂ ਬਾਅਦ ਨੀਦਰਲੈਂਡ ਨੇ ਸਕਾਟਲੈਂਡ ਖ਼ਿਲਾਫ਼ ਜਿੱਤ ਦਰਜ ਕਰਕੇ ਵਿਸ਼ਵ ਕੱਪ ਦੀ ਟਿਕਟ ਹਾਸਲ ਕੀਤੀ। ਨੀਦਰਲੈਂਡ ਦੀ ਟੀਮ ਨੇ 11 ਨਵੰਬਰ ਨੂੰ ਭਾਰਤ ਖਿਲਾਫ ਆਖਰੀ ਲੀਗ ਮੈਚ ਖੇਡਣਾ ਹੈ। ਟੀਮ ਇੰਡੀਆ ਨੂੰ ਇਸ ਟੀਮ ਨਾਲ ਸਾਵਧਾਨ ਰਹਿਣ ਦੀ ਲੋੜ ਹੋਵੇਗੀ।

ਸਭ ਤੋਂ ਵੱਡੀ ਨਿਰਾਸ਼ਾ 2 ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੂੰ ਮਿਲੀ। ਵਿਸ਼ਵ ਕੱਪ ਕੁਆਲੀਫਾਇਰ ਖੇਡਣ ਉਤਰੀ ਟੀਮ ਨੂੰ ਸਕਾਟਲੈਂਡ ਖ਼ਿਲਾਫ਼ ਸ਼ਰਮਨਾਕ ਹਾਰ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ। ਆਈਸੀਸੀ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਵੈਸਟਇੰਡੀਜ਼ ਦੀ ਟੀਮ ਟੂਰਨਾਮੈਂਟ ਦਾ ਹਿੱਸਾ ਨਹੀਂ ਬਣੇਗੀ।