84 ਸਿੱਖ ਨਸਲਕੁਸ਼ੀ ਮਾਮਲੇ ''ਚ ਟਾਈਟਲਰ ਵਿਰੁਧ ਦੋਸ਼ ਤੈਅ ਕਰਨ ਬਾਰੇ ਅਦਾਲਤ ਦਾ ਫੈਸਲਾ ਟਲਿਆ

84 ਸਿੱਖ ਨਸਲਕੁਸ਼ੀ ਮਾਮਲੇ ''ਚ ਟਾਈਟਲਰ ਵਿਰੁਧ ਦੋਸ਼ ਤੈਅ ਕਰਨ ਬਾਰੇ ਅਦਾਲਤ ਦਾ ਫੈਸਲਾ ਟਲਿਆ

ਦਿੱਲੀ ਦੀ ਇਕ ਅਦਾਲਤ 1984 ਦੇ ਸਿੱਖ ਕਤਲੇਆਮ ਦੌਰਾਨ ਪੁਲ ਬੰਗਸ਼ ਗੁਰਦੁਆਰੇ ਦੇ ਸਾਹਮਣੇ ਤਿੰਨ ਵਿਅਕਤੀਆਂ ਦੇ ਕਥਿਤ ਕਤਲ ਨਾਲ ਜੁੜੇ ਮਾਮਲੇ ’ਚ ਕਾਂਗਰਸੀ ਨੇਤਾ ਜਗਦੀਸ਼ ਟਾਈਟਲਰ ਵਿਰੁਧ ਦੋਸ਼ ਤੈਅ ਕਰਨ ’ਤੇ 16 ਅਗੱਸਤ ਨੂੰ ਅਪਣਾ ਫੈਸਲਾ ਸੁਣਾ ਸਕਦੀ ਹੈ। ਇਹ ਹੁਕਮ ਸ਼ੁਕਰਵਾਰ ਨੂੰ ਆਉਣਾ ਸੀ ਪਰ ਵਿਸ਼ੇਸ਼ ਸੀ.ਬੀ.ਆਈ. ਜੱਜ ਰਾਕੇਸ਼ ਸਿਆਲ ਦੇ ਛੁੱਟੀ ’ਤੇ ਹੋਣ ਕਾਰਨ ਇਸ ਨੂੰ ਟਾਲ ਦਿਤਾ ਗਿਆ। ਜੱਜ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ। 

ਇਕ ਗਵਾਹ ਨੇ ਚਾਰਜਸ਼ੀਟ ਵਿਚ ਕਿਹਾ ਸੀ ਕਿ ਟਾਈਟਲਰ 1 ਨਵੰਬਰ 1984 ਨੂੰ ਗੁਰਦੁਆਰੇ ਦੇ ਸਾਹਮਣੇ ਇਕ ਚਿੱਟੀ ਅੰਬੈਸਡਰ ਕਾਰ ਤੋਂ ਬਾਹਰ ਆਇਆ ਸੀ ਅਤੇ ਭੀੜ ਨੂੰ ਇਹ ਕਹਿ ਕੇ ਭੜਕਾਇਆ ਸੀ ਕਿ ‘ਸਿੱਖਾਂ ਨੂੰ ਮਾਰ ਦਿਉ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰ ਦਿਤਾ ਹੈ’, ਜਿਸ ਕਾਰਨ ਤਿੰਨ ਲੋਕਾਂ ਦਾ ਕਤਲ ਹੋ ਗਿਆ। ਪਿਛਲੇ ਸਾਲ ਅਗੱਸਤ ’ਚ ਸੈਸ਼ਨ ਕੋਰਟ ਨੇ ਟਾਈਟਲਰ ਨੂੰ ਇਕ ਲੱਖ ਰੁਪਏ ਦੇ ਨਿੱਜੀ ਬਾਂਡ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ’ਤੇ ਅਗਾਊਂ ਜ਼ਮਾਨਤ ਦੇ ਦਿਤੀ ਸੀ। 

ਅਦਾਲਤ ਨੇ ਟਾਈਟਲਰ ’ਤੇ ਕੁੱਝ ਸ਼ਰਤਾਂ ਵੀ ਰੱਖੀਆਂ ਸਨ, ਜਿਨ੍ਹਾਂ ’ਚ ਇਹ ਵੀ ਸ਼ਾਮਲ ਸੀ ਕਿ ਉਹ ਇਸ ਮਾਮਲੇ ’ਚ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਅਤੇ ਬਿਨਾਂ ਇਜਾਜ਼ਤ ਦੇ ਦੇਸ਼ ਨਹੀਂ ਛੱਡਣਗੇ। ਏਜੰਸੀ ਨੇ ਟਾਈਟਲਰ ’ਤੇ ਭਾਰਤੀ ਦੰਡਾਵਲੀ ਦੀ ਧਾਰਾ 147, 109 ਅਤੇ 302 ਤਹਿਤ ਦੋਸ਼ ਲਗਾਏ ਹਨ।