ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ’ਚ ਜਲੰਧਰ ਚੋਂ 2 ਮੁਲਜ਼ਮ ਹੋਏ ਗ੍ਰਿਫ਼ਤਾਰ

 ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ’ਚ ਜਲੰਧਰ ਚੋਂ 2 ਮੁਲਜ਼ਮ ਹੋਏ ਗ੍ਰਿਫ਼ਤਾਰ

ਜਲੰਧਰ ਦੇ ਫਿਲੌਰ ਸ਼ਹਿਰ ਵਿੱਚ ਸਿੱਖ ਫ਼ਾਰ ਜਸਟਿਸ (SFJ) ਦੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਉੱਤੇ ’ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਭੇਤ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਜਲੰਧਰ ਦਿਹਾਤੀ ਪੁਲਿਸ ਨੇ ਇਸ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ।

ਡੀਆਈਜੀ ਨਵੀਨ ਸਿੰਗਲਾ ਨੇ ਕਿਹਾ ਕਿ ਇਸ ਪੂਰੀ ਘਟਨਾ ਵਿੱਚ ਸਾਡੀਆਂ ਟੀਮਾਂ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਮੁਲਜ਼ਮਾਂ ਦੀ ਪਛਾਣ ਸੁਖਬੀਰ ਸਿੰਘ ਉਰਫ਼ ਰਾਜਨ (31) ਵਾਸੀ ਨੂਰਪੁਰ ਚੱਠਾ, ਨਕੋਦਰ (ਜਲੰਧਰ) ਅਤੇ ਅਵਤਾਰ ਸਿੰਘ ਉਰਫ਼ ਤਾਰੀ ਵਾਸੀ ਨਕੋਦਰ ਵਜੋਂ ਹੋਈ ਹੈ। ਇਹ ਅਪਰਾਧ ਉਨ੍ਹਾਂ ਹੀ ਦੋ ਦੋਸ਼ੀਆਂ ਦੁਆਰਾ ਕੀਤਾ ਗਿਆ ਸੀ।

ਡੀਆਈਜੀ ਸਿੰਗਲਾ ਨੇ ਕਿਹਾ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਖਾਲਿਸਤਾਨੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਦੋਵੇਂ ਮੁਲਜ਼ਮ ਇੱਕ ਤੀਜੇ ਵਿਅਕਤੀ ਰਾਹੀਂ ਪੰਨੂ ਨਾਲ ਜੁੜੇ ਹੋਏ ਸਨ। ਮੁਲਜ਼ਮਾਂ ਤੋਂ ਚਾਰ ਫ਼ੋਨ ਅਤੇ ਬਾਈਕ ਬਰਾਮਦ ਕੀਤੇ ਗਏ ਹਨ। ਫਿਲਹਾਲ, ਉਨ੍ਹਾਂ ਨੂੰ ਕਿੰਨੇ ਪੈਸੇ ਮਿਲੇ, ਇਸ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ। ਇਸ ਵੇਲੇ ਦੋਵਾਂ ਮੁਲਜ਼ਮਾਂ ਤੋਂ ਪੰਜਾਬ ਵਿੱਚ ਹੋਈਆਂ ਹੋਰ ਘਟਨਾਵਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਡੀਆਈਜੀ ਸਿੰਗਲਾ ਨੇ ਕਿਹਾ ਕਿ ਮੁਲਜ਼ਮ ਪਹਿਲਾਂ ਵੀ ਖਾਲਿਸਤਾਨੀ ਨਾਅਰੇ ਲਿਖਣ ਦੀਆਂ ਚਾਰ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਮਾਮਲੇ ਵਿੱਚ, ਪੁਲਿਸ ਨੇ ਲਗਭਗ 21 ਕਿਲੋਮੀਟਰ ਖੇਤਰ ਦੇ ਵੱਖ-ਵੱਖ ਸੀਸੀਟੀਵੀ ਸਕੈਨ ਕੀਤੇ। ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਿਖਣ ਤੋਂ ਇਲਾਵਾ, ਉਨ੍ਹਾਂ ਨੂੰ ਭੰਨਤੋੜ ਕਰਨ ਲਈ ਵੀ ਕਿਹਾ ਗਿਆ।