- Updated: April 04, 2025 02:10 PM
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਭਾਈ ਵਿਖੇ 1 ਅਤੇ 2 ਅਪ੍ਰੈਲ ਦੀ ਦਰਮਿਆਨੀ ਰਾਤ ਪਿੰਡ ਵਿਚ ਹੀ ਕਰਿਆਨੇ ਦੀ ਦੁਕਾਨ ਕਰਦੇ ਇਕ ਵਿਅਕਤੀ ਦੇ ਕਤਲ ਦੀ ਵਾਰਦਾਤ ਨੂੰ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਰਜਨੀ ਅਤੇ ਕੁਝ ਹੋਰ ਕਥਿਤ ਦੋਸ਼ੀ ਸ਼ਾਮਲ ਹਨ। ਪੂਰਾ ਮਾਮਲਾ ਨਜਾਇਜ਼ ਸਬੰਧਾਂ ਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਨੀਲੇ ਡਰੰਮ ਵਾਲੀ ਕਹਾਣੀ ਜਿਸ ਵਿਚ ਇਕ ਪਤਨੀ ਵੱਲੋਂ ਨਜਾਇਜ਼ ਸਬੰਧਾਂ ਦੇ ਚੱਲਦਿਆਂ ਆਪਣੇ ਪਤੀ ਨੂੰ ਮਾਰ ਕੇ ਉਸ ਦੇ ਟੁਕੜੇ ਕਰਕੇ ਨੀਲੇ ਡਰੰਮ ਵਿਚ ਪਾ ਦਿੱਤੇ ਗਏ। ਉਪਰੰਤ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਨਜਾਇਜ਼ ਸੰਬੰਧਾਂ ਦੇ ਚੱਲਦਿਆ ਪਤਨੀ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਬਰਫ਼ ਦੇ ਸੂਏ ਨਾਲ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਐੱਸ. ਐੱਸ. ਪੀ. ਡਾ. ਅਖਿਲ ਚੌਧਰੀ ਨੇ ਖੁਲਾਸਾ ਕੀਤਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕੋਟਭਾਈ ਵਿਖੇ 1 ਅਤੇ 2 ਅਪ੍ਰੈਲ ਦੀ ਰਾਤ ਦਰਮਿਆਨੀ ਰਾਤ ਨੂੰ ਰਾਜੇਸ਼ ਕੁਮਾਰ ਨਾਮ ਦੇ ਵਿਅਕਤੀ ਦਾ ਕਤਲ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਰਾਜੇਸ਼ ਕੁਮਾਰ ਜੋ ਕਿ ਪਿੰਡ ਵਿਚ ਹੀ ਕਰਿਆਨੇ ਦੀ ਦੁਕਾਨ ਕਰਦਾ ਸੀ ਦੇਰ ਰਾਤ ਕਰੀਬ 12 ਵਜੇ ਘਰ ਆਇਆ ਅਤੇ ਸੋ ਗਿਆ। ਸਵੇਰੇ ਉਹ ਮ੍ਰਿਤਕ ਪਾਇਆ ਗਿਆ। ਜਦੋਂ ਦੇਖਿਆ ਗਿਆ ਤਾਂ ਉਸ ਦੇ ਸਰੀਰ 'ਤੇ ਕਿਸੇ ਤਿੱਖੀ ਚੀਜ਼ ਦੇ ਕਰੀਬ 1 ਦਰਜਨ ਤੋਂ ਵੱਧ ਨਿਸ਼ਾਨ ਸਨ।
ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਮ੍ਰਿਤਕ ਰਾਜੇਸ਼ ਕੁਮਾਰ ਦੇ ਘਰ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਅਤੇ ਹੋਰ ਤਕਨੀਕੀ ਪੱਖਾਂ ਨੂੰ ਵੀ ਘੋਖਿਆ ਗਿਆ। ਪੁਲਸ ਜਾਂਚ ਵਿਚ ਇਹ ਸਾਹਮਣੇ ਆਇਆ ਕਿ ਇਹ ਕਤਲ ਉਸਦੀ ਪਤਨੀ ਰਜਨੀ ਨੇ ਕੁਝ ਵਿਅਕਤੀਆਂ ਨਾਲ ਮਿਲ ਕੇ ਕੀਤਾ ਹੈ। ਪੂਰਾ ਮਾਮਲਾ ਨਜਾਇਜ਼ ਸਬੰਧਾਂ ਦਾ ਹੈ। ਪੁਲਸ ਅਨੁਸਾਰ ਮ੍ਰਿਤਕ ਦੀ ਪਤਨੀ ਰਜਨੀ ਦੇ ਸੁਖਵੀਰ ਸਿੰਘ ਵਾਸੀ ਕੋਟਭਾਈ ਨਾਲ ਨਜਾਇਜ਼ ਸੰਬੰਧ ਸਨ ਅਤੇ ਮ੍ਰਿਤਕ ਦੀ ਸਾਲੀ ਪਿੰਕੀ ਵਾਸੀ ਕਰਨਾਲ ਦੇ ਨਵਦੀਪ ਸਿੰਘ ਵਾਸੀ ਕੋਟਭਾਈ ਨਾਲ ਨਜਾਇਜ਼ ਸਬੰਧ ਸਨ।
ਕਤਲ ਵਾਲੀ ਰਾਤ ਸੁਖਵੀਰ, ਨਵਦੀਪ ਅਤੇ ਉਨ੍ਹਾਂ ਦਾ ਸਾਥੀ ਤਰਸੇਮ ਸਿੰਘ ਵਾਸੀ ਸਿਰਸਾ ਮ੍ਰਿਤਕ ਰਾਜੇਸ਼ ਦੇ ਘਰ ਦੀ ਛੱਤ 'ਤੇ ਲੁੱਕ ਗਏ। ਜਦੋਂ ਰਾਜੇਸ਼ ਆਇਆ ਤਾਂ ਰਜਨੀ ਅਤੇ ਪਿੰਕੀ ਨੇ ਉਨ੍ਹਾਂ ਨੂੰ ਹੇਠਾਂ ਬੁਲਾਇਆ ਅਤੇ ਇਨ੍ਹਾਂ ਨੇ ਮਿਲ ਕੇ ਰਾਜੇਸ਼ ਦਾ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਪਤਨੀ ਰਜਨੀ ਤੋਂ ਇਲਾਵਾ ਸੁਖਵੀਰ ਸਿੰਘ, ਨਵਦੀਪ ਸਿੰਘ, ਪਿੰਕੀ, ਅਤੇ ਤਰਸੇਮ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਮ੍ਰਿਤਕ ਰਾਜੇਸ਼ ਆਪਣੀ ਪਤਨੀ ਅਤੇ ਸਾਲੀ ਦੇ ਨਜਾਇਜ਼ ਸਬੰਧਾਂ 'ਚ ਅੜਿੱਕਾ ਬਣਦਾ ਸੀ ਜਿਸਦੇ ਚੱਲਦਿਆਂ ਕਤਲ ਕੀਤਾ ਗਿਆ ਹੈ।