ਕੈਨੇਡਾ ''ਚ 2 ਪੰਜਾਬੀ ਨੌਜਵਾਨ 52 ਕਿਲੋ ਕੋਕੀਨ ਸਮੇਤ ਹੋਏ ਗ੍ਰਿਫ਼ਤਾਰ; ਟਰੱਕ ਰਾਹੀਂ ਡਰੱਗ ਤਸਕਰੀ ਦੇ ਲੱਗੇ ਇਲਜ਼ਾਮ

ਕੈਨੇਡਾ ''ਚ 2 ਪੰਜਾਬੀ ਨੌਜਵਾਨ 52 ਕਿਲੋ ਕੋਕੀਨ ਸਮੇਤ ਹੋਏ ਗ੍ਰਿਫ਼ਤਾਰ; ਟਰੱਕ ਰਾਹੀਂ ਡਰੱਗ ਤਸਕਰੀ ਦੇ ਲੱਗੇ ਇਲਜ਼ਾਮ

ਕੈਨੇਡਾ ਵਿਚ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਵਜੋਂ ਹੋਈ ਹੈ। ਮੀਡੀਆ ਰੀਪੋਰਟਾਂ ਮੁਤਾਬਕ ਬਰੈਂਪਟਨ ਵਾਸੀ ਨੌਜਵਾਨ ਮਨਪ੍ਰੀਤ ਸਿੰਘ (27) ਨੂੰ ਓਨਟਾਰੀਓ ਦੇ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਰਾਹੀਂ ਕਥਿਤ ਤੌਰ 'ਤੇ 50 ਕਿਲੋਗ੍ਰਾਮ ਤੋਂ ਵੱਧ ਸ਼ੱਕੀ ਕੋਕੀਨ ਲਿਜਾਣ ਦੀ ਕੋਸ਼ਿਸ਼ ਕਰਨ ਤੋਂ ਕਾਬੂ ਕੀਤਾ ਗਿਆ।  

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਦੇ  ਅਧਿਕਾਰੀਆਂ ਨੇ ਕਿਹਾ ਕਿ 4 ਦਸੰਬਰ ਨੂੰ, ਇਕ ਵਪਾਰਕ ਟਰੱਕ ਪੁਆਇੰਟ ਐਡਵਰਡ, ਓਨਟਾਰੀਓ ਵਿਚ ਬਲੂ ਵਾਟਰ ਬ੍ਰਿਜ ਪੋਰਟ ਆਫ ਐਂਟਰੀ ਤੋਂ ਕੈਨੇਡਾ ਵਿਚ ਦਾਖਲ ਹੋਇਆ ਸੀ। ਇਲਜ਼ਾਮ ਹਨ ਜਾਂਚ ਦੌਰਾਨ, ਸੀਬੀਐਸਏ ਅਧਿਕਾਰੀਆਂ ਨੂੰ 52 ਕਿਲੋ ਸ਼ੱਕੀ ਕੋਕੀਨ ਵਾਲੇ ਬਕਸੇ ਮਿਲੇ ਹਨ। ਇਹ ਨਸ਼ੀਲੇ ਪਦਾਰਥ ਬਾਰਡਰ ਕਰਾਸਿੰਗ 'ਤੇ ਜ਼ਬਤ ਕੀਤੇ ਗਏ ਸਨ।

ਖ਼ਬਰਾਂ ਅਨੁਸਾਰ ਮਨਪ੍ਰੀਤ ਸਿੰਘ ਹੋਰ ਵੀ ਕਈ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿਚ ਨਿਯੰਤਰਿਤ ਡਰੱਗਜ਼ ਐਂਡ ਸਬਸਟੈਂਸ ਐਕਟ ਦੇ ਤਹਿਤ ਕੋਕੀਨ ਦੀ ਦਰਾਮਦ ਅਤੇ ਤਸਕਰੀ ਆਦਿ ਸ਼ਾਮਲ ਹਨ।   ਇਸ ਤੋਂ ਇਲਾਵਾ ਕਮਲਪ੍ਰੀਤ ਸਿੰਘ (28) ਨੂੰ 19 ਨਵੰਬਰ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਵਲੋਂ ਕਾਊਟਸ ਬਾਰਡਰ ਕਰਾਸਿੰਗ 'ਤੇ ਇਕ ਵਪਾਰਕ ਟਰੱਕ ਟ੍ਰੇਲਰ ਦੇ ਅੰਦਰੋਂ ਨਸ਼ੀਲੇ ਪਦਾਰਥਾਂ ਦੀ ਖੋਜ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

ਅਫਸਰਾਂ ਨੇ ਟਰੱਕ ਅੰਦਰੋਂ ਲਗਭਗ 3 ਮਿਲੀਅਨ ਡਾਲਰ ਦੀ ਅੰਦਾਜ਼ਨ ਕੀਮਤ ਵਾਲੀ 52 ਕਿਲੋਗ੍ਰਾਮ ਕੋਕੀਨ ਬਰਾਮਦ ਕਰਨ ਦਾ ਦੋਸ਼ ਲਗਾਇਆ ਹੈ। ਕਮਲਪ੍ਰੀਤ ਸਿੰਘ 'ਤੇ ਨਿਯੰਤਰਿਤ ਪਦਾਰਥਾਂ ਦੀ ਦਰਾਮਦ, ਤਸਕਰੀ ਦਾ ਇਲਜ਼ਾਮ ਹੈ। ਉਸ ਨੂੰ 2 ਜਨਵਰੀ, 2024 ਨੂੰ ਲੈਥਬ੍ਰਿਜ ਪ੍ਰੋਵਿੰਸ਼ੀਅਲ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।