- Updated: December 21, 2023 08:07 AM
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਮਰੀਕੀ ਧਰਤੀ ’ਤੇ ਇਕ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਰਚਣ ਲਈ ਭਾਰਤੀ ਨਾਗਰਿਕ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਨਵੀਂ ਦਿੱਲੀ ਨਾਲ ਓਟਾਵਾ ਦੇ ਸਬੰਧਾਂ ਵਿਚ ਵੱਡਾ ਬਦਲਾਅ ਆਇਆ ਹੈ।
ਟਰੂਡੋ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਮਰੀਕਾ ਵੱਲੋਂ ਲਾਏ ਦੋਸ਼ਾਂ ਨੇ ਨਰਿੰਦਰ ਮੋਦੀ ਸਰਕਾਰ ਨੂੰ ਹੋਰ ਸ਼ਾਂਤ ਰੁਖ ਅਪਣਾਉਣ ਲਈ ਮਜਬੂਰ ਕਰ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਮਝ ਸ਼ੁਰੂ ਹੋ ਗਈ ਹੈ ਕਿ ਇਸ ਨਾਲ ਉਹ (ਭਾਰਤੀ ਲੀਡਰਸ਼ਿਪ) ਇਸ ਮਾਮਲੇ ’ਚ ‘ਮਨਮਾਨੇ’ ਤਰੀਕੇ ਨਾਲ ਦਾਖ਼ਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਸਹਿਯੋਗ ਕਰਨ ਲਈ ਇਕ ਖੁੱਲ੍ਹਾਪਨ ਜ਼ਰੂਰੀ ਹੈ, ਸ਼ਾਇਦ ਉਹ ਪਹਿਲਾਂ ਘੱਟ ਖੁੱਲ੍ਹੇ ਸਨ। ਉਨ੍ਹਾਂ ਕਿਹਾ ਕਿ ਸ਼ਾਇਦ ਅਜਿਹੀ ਸਮਝ ਬਣੀ ਹੈ ਕਿ ਕੈਨੇਡਾ ਵਿਰੁੱਧ ਲਗਾਤਾਰ ਹਮਲੇ ਕਰਨ ਨਾਲ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈ।
ਟਰੂਡੋ ਨੇ ਕਿਹਾ ਕਿ ਨਿੱਝਰ ਦੇ ਕਤਲ ਨੂੰ ਲੈ ਕੇ ਕੈਨੇਡਾ ਭਾਰਤ ਨਾਲ ਲੜਾਈ ਦੀ ਸਥਿਤੀ ’ਚ ਨਹੀਂ ਰਹਿਣਾ ਚਾਹੁੰਦਾ ਹੈ ਅਤੇ ਇਸ ਦੇ ਬਜਾਏ ਵਪਾਰ ਸਮਝੌਤਿਆਂ ਅਤੇ ਇੰਡੋ-ਪੈਸੀਫਿਕ ਰਣਨੀਤੀ ਨੂੰ ਅੱਗੇ ਵਧਾਉਣ ’ਤੇ ਕੰਮ ਕਰਨਾ ਚਾਹੁੰਦਾ ਹੈ ਪਰ ਕੈਨੇਡਾ ਲਈ ਲੋਕਾਂ ਦੇ ਅਧਿਕਾਰਾਂ, ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ ਦੇ ਸ਼ਾਸਨ ਲਈ ਖੜ੍ਹੇ ਹੋਣਾ ਮਹੱਤਵਪੂਰਨ ਗੱਲ ਹੈ ਅਤੇ ਅਸੀਂ ਇਹੀ ਕਰਨ ਜਾ ਰਹੇ ਹਾਂ।
ਜ਼ਿਕਰਯੋਗ ਹੈ ਕਿ ਸਤੰਬਰ ਵਿਚ ਟਰੂਡੋ ਵੱਲੋਂ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚ ਇੱਕ ਭਾਰਤੀ ਏਜੰਟ ਦੀ ‘ਸੰਭਾਵਤ’ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਬੇਹੱਦ ਤਣਾਅਪੂਰਨ ਹੋ ਗਏ ਸਨ। ਭਾਰਤ ਨੇ 2020 ਵਿਚ ਨਿੱਝਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਸੀ।