- Updated: April 01, 2026 01:37 PM
ਕੁਵੈਤ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵੱਖ-ਵੱਖ ਘਟਨਾਵਾਂ ਵਿੱਚ ਜਾਨ ਗੁਆਉਣ ਵਾਲੇ 20 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਅੱਜ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਕੋਚੀ ਹਵਾਈ ਅੱਡੇ 'ਤੇ ਪਹੁੰਚੀਆਂ। ਪੱਛਮੀ ਏਸ਼ੀਆ ਵਿੱਚ ਚੱਲ ਰਹੇ ਭਿਆਨਕ ਯੁੱਧ ਅਤੇ ਤਣਾਅ ਕਾਰਨ ਫਲਾਈਟ ਸੇਵਾਵਾਂ ਪ੍ਰਭਾਵਿਤ ਸਨ, ਜਿਸ ਕਰਕੇ ਇਹਨਾਂ ਪਾਰਥਿਵ ਸਰੀਰਾਂ ਨੂੰ ਵਤਨ ਲਿਆਉਣ ਵਿੱਚ ਕਾਫੀ ਦੇਰੀ ਹੋਈ। ਹਵਾਈ ਅੱਡੇ ਦੇ ਬੁਲਾਰੇ ਨੇ ਦੱਸਿਆ ਕਿ ਕੁਵੈਤ ਏਅਰਵੇਜ਼ ਦੀ ਇੱਕ ਵਿਸ਼ੇਸ਼ ਉਡਾਣ ਰਾਹੀਂ ਇਹਨਾਂ ਦੇਹਾਂ ਨੂੰ ਕੋਲੰਬੋ ਦੇ ਰਸਤੇ ਕੋਚੀ ਲਿਆਂਦਾ ਗਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਜਹਾਜ਼ ਵਿੱਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ। ਇਹ ਉਡਾਣ ਸਿਰਫ਼ ਇਨ੍ਹਾਂ 20 ਭਾਰਤੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਆਉਣ ਲਈ ਹੀ ਚਲਾਈ ਗਈ ਸੀ। ਮ੍ਰਿਤਕਾਂ ਵਿੱਚ ਤਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦਾ 37 ਸਾਲਾ ਸੰਥਾਨਾਸੇਲਵਮ ਕ੍ਰਿਸ਼ਨਨ ਵੀ ਸ਼ਾਮਲ ਸੀ। ਜਾਣਕਾਰੀ ਮੁਤਾਬਕ ਇੱਕ ਵਾਟਰ ਪਲਾਂਟ 'ਤੇ ਹੋਏ ਡਰੋਨ ਹਮਲੇ ਵਿੱਚ ਉਸ ਦੀ ਮੌਤ ਹੋ ਗਈ ਸੀ। ਬਾਕੀ 19 ਵਿਅਕਤੀਆਂ ਦੀ ਮੌਤ ਵੱਖ-ਵੱਖ ਹਾਦਸਿਆਂ ਅਤੇ ਕੁਦਰਤੀ ਕਾਰਨਾਂ ਕਰਕੇ ਹੋਈ ਸੀ ਪਰ ਖੇਤਰੀ ਜੰਗ ਕਾਰਨ ਉਨ੍ਹਾਂ ਦੀਆਂ ਦੇਹਾਂ ਉੱਥੇ ਹੀ ਫਸੀਆਂ ਹੋਈਆਂ ਸਨ।
ਵਿਦੇਸ਼ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਦੌਰਾਨ ਹੁਣ ਤੱਕ ਕੁੱਲ 8 ਭਾਰਤੀ ਨਾਗਰਿਕ ਆਪਣੀ ਜਾਨ ਗੁਆ ਚੁੱਕੇ ਹਨ, ਜਦਕਿ ਇੱਕ ਵਿਅਕਤੀ ਅਜੇ ਵੀ ਲਾਪਤਾ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਕੇਰਲ (ਕੋਝੀਕੋਡ, ਅਲਾਪੁਝਾ, ਕੋਟਾਯਮ) ਅਤੇ ਤਮਿਲਨਾਡੂ ਦੇ ਰਹਿਣ ਵਾਲੇ ਸਨ। ਹਵਾਈ ਅੱਡੇ 'ਤੇ ਪਹੁੰਚਦੇ ਹੀ ਪ੍ਰਸ਼ਾਸਨ ਨੇ ਸਾਰੀਆਂ ਜ਼ਰੂਰੀ ਕਾਰਵਾਈਆਂ ਪੂਰੀਆਂ ਕਰਕੇ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਲਈ ਰਵਾਨਾ ਕਰ ਦਿੱਤਾ। ਜਿਵੇਂ ਹੀ ਤਾਬੂਤ ਪਿੰਡਾਂ ਵਿੱਚ ਪਹੁੰਚੇ, ਉੱਥੇ ਮਾਤਮ ਪਸਰ ਗਿਆ ਅਤੇ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਆਪਣੇ ਪਿਆਰਿਆਂ ਨੂੰ ਅੰਤਿਮ ਵਿਦਾਈ ਦਿੱਤੀ।