- Updated: January 04, 2024 06:15 PM
ਥਾਣਾ ਗੋਰਾਇਆ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਟਰੱਕ ਵਿਚ ਲੁਕੋ ਕੇ ਅਫ਼ੀਮ ਲਿਆ ਰਹੇ 4 ਨਸ਼ਾ ਤਸਕਰਾਂ ਨੂੰ 63 ਕਿਲੋ ਅਫ਼ੀਮ ਸਮੇਤ ਕਾਬੂ ਕੀਤਾ ਹੈ। ਚਾਰੇ ਮੁਲਜ਼ਮ ਦੋ ਟਰੱਕਾਂ ਅਤੇ ਇਕ ਟਰੈਕਟਰ ਟਰਾਲੀ ਵਿੱਚ ਗੁਪਤ ਤਰੀਕੇ ਨਾਲ ਅਫ਼ੀਮ ਲਿਆ ਰਹੇ ਸਨ। ਮੁਲਜ਼ਮ ਚਾਹ ਪੱਤੀ ਵਿੱਚ ਲੁਕੋ ਕੇ ਅਫ਼ੀਮ ਲਿਆਉਂਦੇ ਸਨ।
ਐੱਸ. ਐੱਸ. ਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਵੀਰਵਾਰ ਬਾਅਦ ਦੁਪਹਿਰ ਗੋਰਾਇਆ ਥਾਣੇ ਦੇ ਇੰਚਾਰਜ ਸੁਖਦੇਵ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਈਵੇਅ ਰਾਹੀਂ ਅਫ਼ੀਮ ਦੀ ਵੱਡੀ ਖੇਪ ਲਿਜਾਈ ਜਾ ਰਹੀ ਹੈ। ਪੁਲਸ ਨੇ ਨਾਕਾਬੰਦੀ ਦੌਰਾਨ ਜਦੋਂ ਦੋ ਟਰੱਕਾਂ ਅਤੇ ਇਕ ਟਰੈਕਟਰ ਟਰਾਲੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਤਿੰਨਾਂ ਵਿਚੋਂ ਕੁੱਲ 63 ਕਿਲੋ ਅਫ਼ੀਮ ਬਰਾਮਦ ਹੋਈ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਚਾਹ ਪੱਤੀ 'ਚ ਛੁਪਾ ਕੇ ਇੰਫਾਲ, ਮਣੀਪੁਰ ਤੋਂ ਅੰਮ੍ਰਿਤਸਰ ਵਿਚ ਅਫ਼ੀਮ ਦੀ ਸਪਲਾਈ ਕਰਨ ਜਾ ਰਹੇ ਸਨ। ਚਾਰੋਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁੱਛਗਿੱਛ ਲਈ ਰਿਮਾਂਡ 'ਤੇ ਲਿਆ ਜਾਵੇਗਾ। ਰਿਮਾਂਡ ਦੌਰਾਨ ਗੈਂਗ ਦੇ ਹੋਰ ਮੈਂਬਰਾਂ ਦੇ ਨਾਂ ਮਾਮਲੇ 'ਚ ਸਾਹਮਣੇ ਆ ਸਕਦੇ ਹਨ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।