2028 ਦੇ ਅਖੀਰ ਤਕ ਭਾਰਤ ''ਚ 57 ਫੀਸਦੀ ਮੋਬਾਇਲ ਗਾਹਕ 5ਜੀ ਦਾ ਕਰਨਗੇ ਇਸਤੇਮਾਲ : ਰਿਪੋਰਟ

2028 ਦੇ ਅਖੀਰ ਤਕ ਭਾਰਤ ''ਚ 57 ਫੀਸਦੀ ਮੋਬਾਇਲ ਗਾਹਕ 5ਜੀ ਦਾ ਕਰਨਗੇ ਇਸਤੇਮਾਲ : ਰਿਪੋਰਟ

ਭਾਰਤ 'ਚ 5ਜੀ ਤਕਨੀਕ ਦਾ ਇਸਤੇਮਾਲ ਕਰਨ ਵਾਲੇ ਮੋਬਾਇਲ ਫੋਨ ਯੂਜ਼ਰਜ਼ ਦੀ ਗਿਣਤੀ ਸਾਲ 2028 ਦੇ ਅਖੀਰ ਤਕ ਕਰੀਬ 57 ਫੀਸਦੀ ਤਕ ਪਹੁੰਚਣ ਦਾ ਅਨੁਮਾਨ ਹੈ। ਇਸ ਨਾਲ ਭਾਰਤ ਗਲੋਬਲ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਧਦਾ 5ਜੀ ਬਾਜ਼ਾਰ ਬਣ ਜਾਵੇਗਾ। ਇਕ ਰਿਪੋਰਟ 'ਚ ਇਹ ਸੰਭਾਵਨਾ ਜਤਾਈ ਗਈ ਹੈ।

ਬੁੱਧਵਾਰ ਨੂੰ ਜਾਰੀ ਐਰਿਕਸਨ ਮੋਬਿਲਿਟੀ ਰਿਪੋਰਟ ਮੁਤਾਬਕ, ਭਾਰਤ 'ਚ 5ਜੀ ਦੂਰਸੰਚਾਰ ਸੇਵਾਵਾਂ ਦੀ ਅਕਤੂਬਰ, 2022 'ਚ ਸ਼ੁਰੂਆਤ ਹੋਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਇਸਦਾ ਵਿਸਤਾਰ ਹੋ ਰਿਹਾ ਹੈ। ਇਸ ਦੌਰਾਨ ਭਾਰਤੀ ਦੂਰਸੰਚਾਰ ਬਾਜ਼ਾਰ 'ਚ ਡਿਜੀਟਲ ਇੰਡੀਆ ਮੁਹਿੰਮ ਤਹਿਤ ਵੱਡੇ ਪੱਧਰ 'ਤੇ 5ਜੀ ਨੈੱਟਵਰਕ ਖੜ੍ਹਾ ਕੀਤਾ ਜਾ ਰਿਹਾ ਹੈ।

ਰਿਪੋਰਟ ਮੁਤਾਬਕ, ਸ਼ੁਰੂਆਤ ਦੇ ਕੁਝ ਮਹੀਨਿਆਂ 'ਚ ਹੀ 5ਜੀ ਗਾਹਕਾਂ ਦੀ ਗਿਣਤੀ 2022 ਦੇ ਅਖੀਰ ਤਕ ਇਕ ਕਰੋੜ ਤਕ ਪਹੁੰਚ ਗਈ ਹੈ। ਅਨੁਮਾਨ ਹੈ ਕਿ 2028 ਦੇ ਅਖੀਰ ਤਕ ਦੇਸ਼ 'ਚ ਕੁੱਲ ਮੋਬਾਇਲ ਗਾਹਕਾਂ ਦਾ ਕਰੀਬ 57 ਫੀਸਦੀ 5ਜੀ ਸੇਵਾਵਾਂ ਦਾ ਇਸਤੇਮਾਲ ਕਰ ਰਿਹਾ ਹੋਵੇਗਾ ਜੋ ਇਸਨੂੰ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਵਧਦਾ 5ਜੀ ਬਾਜ਼ਾਰ ਬਣਾਉਂਦਾ ਹੈ।

ਐਰਿਕਸਨ ਮੋਬਿਲਿਟੀ ਦੀ ਜੂਨ, 2023 ਦੀ ਰਿਪੋਰਟ ਕਹਿੰਦੀ ਹੈ ਕਿ ਕੁਝ ਬਾਜ਼ਾਰਾਂ 'ਚ ਭੂ-ਰਾਜਨੀਤਿਕ ਚੁਣੌਤੀਆਂ ਅਤੇ ਵਿਆਪਕ ਆਰਥਿਕ ਮੰਦੀ ਦੇ ਬਾਵਜੂਦ ਗਲੋਬਲ ਪੱਧਰ 'ਤੇ ਸੰਚਾਰ ਸੇਵਾ ਪ੍ਰਦਾਤਾਵਾਂ ਨੇ 5ਜੀ ਤਕਨੀਕ 'ਚ ਨਿਵੇਸ਼ ਕਰਨਾ ਜਾਰੀ ਰੱਖਿਆ ਹੈ। ਸਾਲ 2023 ਦੇ ਅਖੀਰ ਤਕ 5ਜੀ ਸੇਵਾ ਦਾ ਇਸਤੇਮਾਲ ਕਰਨ ਵਾਲੇ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਗਲੋਬਲ ਪੱਧਰ 'ਤੇ 1.5 ਅਰਬ ਹੋਣ ਦਾ ਅਨੁਮਾਨ ਹੈ।