ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ 80 ਕਰੋੜ ਗਰੀਬ ਲੋਕਾਂ ਨੂੰ ਦੇਣਗੇ ਤੋਹਫਾ, ਪੰਜ ਸਾਲ ਹੋਰ ਮੁਫਤ ਰਾਸ਼ਨ ਮਿਲੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ 80 ਕਰੋੜ ਗਰੀਬ ਲੋਕਾਂ ਨੂੰ ਦੇਣਗੇ ਤੋਹਫਾ, ਪੰਜ ਸਾਲ ਹੋਰ ਮੁਫਤ ਰਾਸ਼ਨ ਮਿਲੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਚੋਣ ਰਾਜ ਛੱਤੀਸਗੜ੍ਹ ਪਹੁੰਚੇ। ਉਥੇ ਦੁਰਗ ਜ਼ਿਲ੍ਹੇ ਵਿਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, ਸਾਡੀ ਸੇਵਾ ਦੇ ਸਿਰਫ਼ 5 ਸਾਲਾਂ ਵਿਚ 13.5 ਕਰੋੜ ਤੋਂ ਵੱਧ ਲੋਕ ਗਰੀਬੀ ਤੋਂ ਬਾਹਰ ਆਏ ਹਨ। ਗ਼ਰੀਬੀ ਤੋਂ ਬਾਹਰ ਆਏ ਲੋਕ ਅੱਜ ਮੋਦੀ ਨੂੰ ਆਸ਼ੀਰਵਾਦ ਦੇ ਰਹੇ ਹਨ।

ਮੋਦੀ ਨੇ ਕਿਹਾ, ਮੈਂ ਫੈਸਲਾ ਕੀਤਾ ਹੈ ਕਿ ਭਾਜਪਾ ਸਰਕਾਰ ਹੁਣ ਦੇਸ਼ ਦੇ 80 ਕਰੋੜ ਗਰੀਬ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦੀ ਯੋਜਨਾ ਨੂੰ ਅਗਲੇ 5 ਸਾਲਾਂ ਤੱਕ ਵਧਾਏਗੀ। ਤੁਹਾਡਾ ਪਿਆਰ ਅਤੇ ਆਸ਼ੀਰਵਾਦ ਹਮੇਸ਼ਾ ਮੈਨੂੰ ਚੰਗੇ ਫ਼ੈਸਲੇ  ਲੈਣ ਦੀ ਤਾਕਤ ਦਿੰਦਾ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਗਰੀਬਾਂ ਨੂੰ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ। ਕਾਂਗਰਸ ਕਦੇ ਵੀ ਗਰੀਬਾਂ ਦੀ ਇੱਜ਼ਤ ਨਹੀਂ ਕਰਦੀ। ਉਹ ਕਦੇ ਵੀ ਗਰੀਬਾਂ ਦੇ ਦੁੱਖ-ਦਰਦ ਨੂੰ ਨਹੀਂ ਸਮਝਦੀ। ਇਸ ਲਈ ਜਦੋਂ ਤੱਕ ਕਾਂਗਰਸ ਕੇਂਦਰ ਦੀ ਸਰਕਾਰ ਵਿਚ ਰਹੀ, ਇਹ ਗਰੀਬਾਂ ਦੇ ਹੱਕਾਂ ਨੂੰ ਲੁੱਟਦੀ ਰਹੀ ਹੈ ਅਤੇ ਆਪਣੇ ਨੇਤਾਵਾਂ ਦੇ ਖਜ਼ਾਨੇ ਭਰਦੀ ਰਹੀ ਹੈ। 2014 ਵਿਚ ਸਰਕਾਰ ਆਉਣ ਤੋਂ ਬਾਅਦ ਤੁਹਾਡੇ ਪੁੱਤਰ ਨੇ ਗਰੀਬਾਂ ਦੀ ਭਲਾਈ ਨੂੰ ਆਪਣੀ ਸਭ ਤੋਂ ਵੱਡੀ ਤਰਜੀਹ ਦਿੱਤੀ। ਅਸੀਂ ਆਪਣੇ ਗਰੀਬ ਭੈਣਾਂ-ਭਰਾਵਾਂ ਵਿਚ ਵਿਸ਼ਵਾਸ ਪੈਦਾ ਕੀਤਾ ਕਿ ਉਨ੍ਹਾਂ ਦੀ ਗਰੀਬੀ ਦੂਰ ਕੀਤੀ ਜਾ ਸਕਦੀ ਹੈ।

ਮੋਦੀ ਨੇ ਕਿਹਾ, ਸਾਡੀ ਸੇਵਾ ਦੇ ਸਿਰਫ 5 ਸਾਲਾਂ 'ਚ 13.5 ਕਰੋੜ ਤੋਂ ਜ਼ਿਆਦਾ ਲੋਕ ਗਰੀਬੀ ਤੋਂ ਬਾਹਰ ਆਏ ਹਨ। ਗਰੀਬੀ ਤੋਂ ਬਾਹਰ ਨਿਕਲਣ ਵਾਲੇ ਅੱਜ ਮੋਦੀ ਨੂੰ ਲੱਖ-ਲੱਖ ਮੁਬਾਰਕਾਂ ਦੇ ਰਹੇ ਹਨ। ਅਸੀਂ ਅਜਿਹੀਆਂ ਨੀਤੀਆਂ ਬਣਾਈਆਂ ਕਿ ਹਰ ਗਰੀਬ ਆਪਣੀ ਗਰੀਬੀ ਖ਼ਤਮ ਕਰਨ ਲਈ ਸਭ ਤੋਂ ਵੱਡਾ ਸਿਪਾਹੀ ਬਣ ਕੇ ਮੋਦੀ ਦਾ ਸਾਥੀ ਬਣ ਗਿਆ। ਭਾਜਪਾ ਸਰਕਾਰ ਨੇ ਬੜੇ ਸਬਰ ਤੇ ਇਮਾਨਦਾਰੀ ਨਾਲ ਕੰਮ ਕੀਤਾ। ਮੋਦੀ ਲਈ ਦੇਸ਼ ਵਿਚ ਸਭ ਤੋਂ ਵੱਡੀ ਜਾਤ ਸਿਰਫ਼ ਇੱਕ ਹੈ-ਗਰੀਬ। ਮੋਦੀ ਉਸਦਾ ਨੌਕਰ ਹੈ, ਉਸਦਾ ਭਰਾ ਹੈ, ਉਸਦਾ ਪੁੱਤਰ ਹੈ ਜੋ ਗਰੀਬ ਹੈ।
ਪੀਐਮ ਨੇ ਕਿਹਾ, ਇੱਥੇ ਬਹੁਤ ਸਾਰੇ ਲੋਕ ਕੰਮ ਲਈ ਆਪਣੇ ਘਰ ਤੋਂ ਬਾਹਰ ਜਾਂਦੇ ਹਨ, ਇਸਦੇ ਲਈ ਭਾਜਪਾ ਸਰਕਾਰ ਨੇ ਅਜਿਹਾ ਪ੍ਰਬੰਧ ਕੀਤਾ ਹੈ ਕਿ ਤੁਸੀਂ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਚਲੇ ਜਾਓ, ਤੁਹਾਨੂੰ ਮੁਫਤ ਰਾਸ਼ਨ ਮਿਲਦਾ ਰਹੇਗਾ। ਇਸੇ ਲਈ ਮੋਦੀ ਨੇ ਤੁਹਾਨੂੰ ਵਨ ਨੇਸ਼ਨ-ਵਨ ਰਾਸ਼ਨ ਕਾਰਡ ਦੀ ਸਹੂਲਤ ਦਿੱਤੀ ਹੈ। ਪੀਐਮ ਨੇ ਕਿਹਾ, ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੇ ਮਹਾਦੇਵ ਦਾ ਨਾਮ ਵੀ ਨਹੀਂ ਛੱਡਿਆ। ਅਜੇ 2 ਦਿਨ ਪਹਿਲਾਂ ਹੀ ਰਾਏਪੁਰ 'ਚ ਵੱਡੀ ਕਾਰਵਾਈ ਕਰਦੇ ਹੋਏ ਪੈਸੇ ਦਾ ਵੱਡਾ ਢੇਰ ਲੱਗਾ ਸੀ। ਲੋਕ ਕਹਿ ਰਹੇ ਹਨ ਕਿ ਇਹ ਪੈਸਾ ਸੱਟੇਬਾਜ਼ਾਂ ਅਤੇ ਜੂਏਬਾਜ਼ਾਂ ਦਾ ਹੈ, ਜੋ ਉਨ੍ਹਾਂ ਨੇ ਛੱਤੀਸਗੜ੍ਹ ਦੇ ਗਰੀਬਾਂ ਅਤੇ ਨੌਜਵਾਨਾਂ ਨੂੰ ਲੁੱਟ ਕੇ ਇਕੱਠਾ ਕੀਤਾ ਹੈ। ਮੀਡੀਆ ਵਿਚ ਆ ਰਿਹਾ ਹੈ ਕਿ ਇਹ ਪੈਸਾ ਛੱਤੀਸਗੜ੍ਹ ਜਾ ਰਿਹਾ ਹੈ।

 

ਇਥੋਂ ਦੀ ਸਰਕਾਰ ਅਤੇ ਮੁੱਖ ਮੰਤਰੀ ਛੱਤੀਸਗੜ੍ਹ ਦੇ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਦੇ ਦੁਬਈ ਵਿਚ ਬੈਠੇ ਇਸ ਘੁਟਾਲੇ ਦੇ ਦੋਸ਼ੀਆਂ ਨਾਲ ਕੀ ਸਬੰਧ ਹਨ। ਆਖ਼ਰ ਇਹ ਪੈਸਾ ਜ਼ਬਤ ਹੋਣ ਤੋਂ ਬਾਅਦ ਮੁੱਖ ਮੰਤਰੀ ਕਿਉਂ ਪਰੇਸ਼ਾਨ ਹਨ? ਪਿਛਲੇ ਸਾਲ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕੇਂਦਰੀ ਖੁਰਾਕ ਅਤੇ ਜਨਤਕ ਵੰਡ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਸੀ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਸਰਕਾਰ ਕ੍ਰਮਵਾਰ 3,2,1 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਚਾਵਲ, ਕਣਕ ਅਤੇ ਮੋਟਾ ਅਨਾਜ ਮੁਹੱਈਆ ਕਰਵਾਉਂਦੀ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹ ਦਸੰਬਰ 2023 ਤੱਕ ਪੂਰੀ ਤਰ੍ਹਾਂ ਮੁਫਤ ਉਪਲਬਧ ਰਹੇਗਾ। ਇਸ ਤੋਂ ਪਹਿਲਾਂ ਸਤੰਬਰ 2022 ਵਿਚ ਸਰਕਾਰ ਨੇ ਇਸ ਸਕੀਮ ਦੀ ਸਮਾਂ ਸੀਮਾ ਤਿੰਨ ਮਹੀਨਿਆਂ ਲਈ ਵਧਾ ਕੇ 31 ਦਸੰਬਰ ਤੱਕ ਕਰ ਦਿੱਤੀ ਸੀ। ਇਹ ਸਕੀਮ ਕੋਵਿਡ ਦੇ ਸਮੇਂ ਦੌਰਾਨ ਗਰੀਬ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਲਿਆਂਦੀ ਗਈ ਸੀ। 28 ਮਹੀਨਿਆਂ 'ਚ ਸਰਕਾਰ ਨੇ ਗਰੀਬਾਂ ਨੂੰ ਮੁਫਤ ਰਾਸ਼ਨ 'ਤੇ 1.80 ਲੱਖ ਕਰੋੜ ਰੁਪਏ ਖਰਚ ਕੀਤੇ ਹਨ।

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਕੋਵਿਡ ਸੰਕਟ ਦੌਰਾਨ ਮਾਰਚ 2020 ਵਿਚ ਲਾਗੂ ਕੀਤੀ ਗਈ ਸੀ। ਦੇਸ਼ ਦੇ 80 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਤਹਿਤ ਬੀਪੀਐਲ ਕਾਰਡ ਵਾਲੇ ਪਰਿਵਾਰਾਂ ਨੂੰ ਹਰ ਮਹੀਨੇ ਪ੍ਰਤੀ ਵਿਅਕਤੀ 4 ਕਿਲੋ ਕਣਕ ਅਤੇ 1 ਕਿਲੋ ਚਾਵਲ ਮੁਫ਼ਤ ਦਿੱਤੇ ਜਾਂਦੇ ਹਨ। ਇਸ ਸਕੀਮ ਦਾ ਪਿਛਲੇ ਕਈ ਮਹੀਨਿਆਂ ਤੋਂ ਵਿਸਤਾਰ ਕੀਤਾ ਜਾ ਰਿਹਾ ਹੈ।