ਲੰਡਨ ’ਚ ਨਾਬਾਲਗ ਸਿੱਖ ਦੇ ਕਤਲ ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਅਦਾਲਤ ‘ਚ ਹੋਏ ਪੇਸ਼। 

ਲੰਡਨ ’ਚ ਨਾਬਾਲਗ ਸਿੱਖ ਦੇ ਕਤਲ ਮਾਮਲੇ ’ਚ ਗ੍ਰਿਫਤਾਰ ਮੁਲਜ਼ਮ ਅਦਾਲਤ ‘ਚ ਹੋਏ ਪੇਸ਼। 

ਦਖਣੀ-ਪਛਮੀ ਲੰਡਨ ’ਚ ਇਕ ਨਾਬਾਲਗ ਸਿੱਖ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਚਾਰ ਵਿਅਕਤੀਆਂ ਨੂੰ ਸ਼ਨਿਚਰਵਾਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਸ਼ੁਕਰਵਾਰ ਦੀ ਰਾਤ ਨੂੰ ਪੁਲਿਸ ਨੇ 17 ਸਾਲਾਂ ਦੇ ਸਿਮਰਜੀਤ ਸਿੰਘ ਨਾਗਪਾਲ ਦੇ ਕਤਲ ਦੇ ਮਾਮਲੇ ਵਿਚ ਸ਼ੁਕਰਵਾਰ ਰਾਤ ਲੰਡਨ ਦੇ ਬਾਹਰਵਾਰ ਸਾਊਥਾਲ ਦੇ ਰਹਿਣ ਵਾਲੇ ਬ੍ਰਿਟਿਸ਼ ਸਿੱਖਾਂ ਅਮਨਦੀਪ ਸਿੰਘ (21), ਮਨਜੀਤ ਸਿੰਘ (27), ਅਜਮੇਰ ਸਿੰਘ (31) ਅਤੇ ਪੂਰਨ ਸਿੰਘ (71) ਨੂੰ ਗ੍ਰਿਫਤਾਰ ਕੀਤਾ ਸੀ। 

ਪੁਲਿਸ ਨੂੰ ਹਾਉਂਸਲੋ ਇਲਾਕੇ ’ਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਾਨਕ ਨਿਵਾਸੀ ਸਿਮਰਜੀਤ ਨੂੰ ਜ਼ਖਮੀ ਹਾਲਤ ’ਚ ਵੇਖਿਆ ਜਿਸ ’ਤੇ ਚਾਕੂ ਨਾਲ ਵਾਰ ਕੀਤਾ ਗਿਆ ਸੀ। ਸਿਮਰਜੀਤ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮੈਟਰੋਪੋਲੀਟਨ ਪੁਲਿਸ ਅਧਿਕਾਰੀ ਮਾਰਟਿਨ ਥੋਰਪੇ ਨੇ ਇਕ ਬਿਆਨ ’ਚ ਕਿਹਾ, ‘‘ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਾਡੀ ਪੁੱਛ-ਪੜਤਾਲ ਜਾਰੀ ਹੈ। ਮੈਂ ਆਮ ਲੋਕਾਂ ਨੂੰ ਅਪੀਲ ਕਰਾਂਗਾ ਕਿ ਜੇਕਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ ਹੈ ਜਾਂ ਕਿਸ ਨੇ ਇਸ ਘਟਨਾ ਨੂੰ ਉਨ੍ਹਾਂ ਦੇ ਫੋਨ ’ਤੇ ਫਿਲਮਾਇਆ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।’’