ਭਾਰਤ ਨੂੰ ਮਾਲਦੀਵ ਨੇ ਰਸਮੀ ਤੌਰ ’ਤੇ ਅਪਣੀਆਂ ਫੌਜਾਂ ਵਾਪਸ ਸੱਦਣ ਲਈ ਕਿਹਾ

ਭਾਰਤ ਨੂੰ ਮਾਲਦੀਵ ਨੇ ਰਸਮੀ ਤੌਰ ’ਤੇ ਅਪਣੀਆਂ ਫੌਜਾਂ ਵਾਪਸ ਸੱਦਣ ਲਈ ਕਿਹਾ

ਮਾਲਦੀਵ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ ਮੁਹੰਮਦ ਮੁਈਜ਼ੂ ਨੇ ਸ਼ਨਿਚਰਵਾਰ ਨੂੰ ਭਾਰਤ ਸਰਕਾਰ ਨੂੰ ਅਪਣੇ ਦੇਸ਼ ਤੋਂ ਭਾਰਤੀ ਫੌਜਾਂ ਨੂੰ ਵਾਪਸ ਬੁਲਾਉਣ ਲਈ ਰਸਮੀ ਬੇਨਤੀ ਕਰ ਦਿਤੀ ਹੈ। ਮਾਲਦੀਵ ਦੇ ਰਾਸ਼ਟਰਪਤੀ ਦੇ ਦਫਤਰ ਤੋਂ ਜਾਰੀ ਇਕ ਬਿਆਨ ਅਨੁਸਾਰ, ਮੁਈਜ਼ੂ ਨੇ ਕਿਹਾ ਕਿ ਮਾਲਦੀਵ ਦੇ ਲੋਕਾਂ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਨੂੰ ਇਹ ਬੇਨਤੀ ਕਰਨ ਲਈ ‘ਮਜ਼ਬੂਤ ​​ਫਤਵਾ’ ਦਿਤਾ ਹੈ।

ਰਿਲੀਜ਼ ’ਚ ਕਿਹਾ ਗਿਆ ਹੈ ਕਿ ਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤੀ ਕੇਂਦਰੀ ਮੰਤਰੀ ਕਿਰੇਨ ਰਿਜਿਜੂ ਅਤੇ ਮੁਈਜ਼ੂ ਵਿਚਾਲੇ ਹੋਈ ਮੁਲਾਕਾਤ ਦੌਰਾਨ ਭਾਰਤ ਨੂੰ ਇਹ ਬੇਨਤੀ ਕੀਤੀ ਸੀ। ਮਾਲਦੀਵ ’ਚ ਤੈਨਾਤ ਭਾਰਤੀ ਸੈਨਿਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਹੈ। ਭਾਰਤ ਦੀ ‘ਗੁਆਂਢੀ ਪਹਿਲੀ ਨੀਤੀ’ ਨੂੰ ਦਰਸਾਉਂਦੇ ਹੋਏ, ਕੇਂਦਰੀ ਮੰਤਰੀ ਰਿਜਿਜੂ ਨੇ ਸ਼ੁਕਰਵਾਰ ਨੂੰ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਵਜੋਂ ਮੁਹੰਮਦ ਮੁਈਜ਼ੂ ਦੇ ਸਹੁੰ ਚੁੱਕ ਸਮਾਗਮ ’ਚ ਦੇਸ਼ ਦੀ ਨੁਮਾਇੰਦਗੀ ਕੀਤੀ।

ਸ਼ੁਕਰਵਾਰ ਨੂੰ ਸਹੁੰ ਚੁੱਕਣ ਤੋਂ ਤੁਰਤ ਬਾਅਦ, ਮੁਇਜ਼ੂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਉਨ੍ਹਾਂ ਦਾ ਦੇਸ਼ ਅਪਣੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਕਿਸੇ ਵੀ ‘ਵਿਦੇਸ਼ੀ ਫੌਜੀ ਮੌਜੂਦਗੀ’ ਤੋਂ ਮੁਕਤ ਰਹੇ। ਹਾਲਾਂਕਿ ਉਨ੍ਹਾਂ ਨੇ ਅਪਣੇ ਸੰਬੋਧਨ ’ਚ ਕਿਸੇ ਦੇਸ਼ ਦਾ ਨਾਂ ਨਹੀਂ ਲਿਆ।

ਰਾਸ਼ਟਰਪਤੀ ਦੇ ਦਫ਼ਤਰ ਨੇ ਇੱਥੇ ਕਿਹਾ, ‘‘ਮੀਟਿੰਗ ’ਚ, ਰਾਸ਼ਟਰਪਤੀ ਮੁਈਜ਼ੂ ਨੇ ਰਸਮੀ ਤੌਰ ’ਤੇ ਭਾਰਤ ਸਰਕਾਰ ਨੂੰ ਮਾਲਦੀਵ ਤੋਂ ਅਪਣੇ ਫੌਜੀ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦੀ ਬੇਨਤੀ ਕੀਤੀ। ਇਸ ਨੇ ਕਿਹਾ, ‘‘ਰਾਸ਼ਟਰਪਤੀ ਨੇ ਕਿਹਾ ਕਿ ਮਾਲਦੀਵ ਦੇ ਲੋਕਾਂ ਨੇ ਭਾਰਤ ਨੂੰ ਇਹ ਬੇਨਤੀ ਕਰਨ ਲਈ ਸਤੰਬਰ ’ਚ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਉਨ੍ਹਾਂ ਨੂੰ ਮਜ਼ਬੂਤ ਫ਼ਤਵਾ ਦਿਤਾ ਸੀ ਅਤੇ ਉਮੀਦ ਪ੍ਰਗਟਾਈ ਕਿ ਭਾਰਤ ਮਾਲਦੀਵ ਦੇ ਲੋਕਾਂ ਦੀ ਲੋਕਤੰਤਰੀ ਇੱਛਾ ਦਾ ਸਨਮਾਨ ਕਰੇਗਾ।’’

ਰਿਜਿਜੂ ਨਾਲ ਮੁਲਾਕਾਤ ਦੌਰਾਨ ਮੁਈਜ਼ੂ ਨੇ ਐਮਰਜੈਂਸੀ ਮੈਡੀਕਲ ਸਥਿਤੀਆਂ ਦੌਰਾਨ ਸਹਾਇਤਾ ਪ੍ਰਦਾਨ ਕਰਨ ’ਚ ਦੋ ਹੈਲੀਕਾਪਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਸਵੀਕਾਰ ਕੀਤਾ। ਭਾਰਤ 2004 ਦੀ ਸੁਨਾਮੀ ਦੇ ਨਾਲ-ਨਾਲ ਦਸੰਬਰ 2014 ’ਚ ਇੱਥੇ ਜਲ ਸੰਕਟ ਦੌਰਾਨ ਮਾਲਦੀਵ ਦੀ ਮਦਦ ਕਰਨ ਵਾਲਾ ਪਹਿਲਾ ਦੇਸ਼ ਸੀ। ਬਿਆਨ ਮੁਤਾਬਕ ਮੁਈਜ਼ੂ ਅਤੇ ਰਿਜਿਜੂ ਨੇ ਭਾਰਤ ਦੇ ਸਹਿਯੋਗ ਨਾਲ ਮਾਲਦੀਵ ’ਚ ਵੱਖ-ਵੱਖ ਪ੍ਰਾਜੈਕਟਾਂ ਨੂੰ ਲਾਗੂ ਕਰਨ ਦੀ ਤਰੱਕੀ ਦੀ ਵੀ ਸਮੀਖਿਆ ਕੀਤੀ।