ਇਕ ਹਫ਼ਤੇ ਤੋਂ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਦੀ ਆਵਾਜ਼ ਵੀ ਕਮਜ਼ੋਰ ਪੈਣ ਲੱਗੀ।

 ਇਕ ਹਫ਼ਤੇ ਤੋਂ ਸਿਲਕਿਆਰਾ ਸੁਰੰਗ ’ਚ ਫਸੇ ਮਜ਼ਦੂਰਾਂ ਦੀ ਆਵਾਜ਼ ਵੀ ਕਮਜ਼ੋਰ ਪੈਣ ਲੱਗੀ।

ਪਿਛਲੇ ਇਕ ਹਫਤੇ ਤੋਂ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ’ਚੋਂ ਬਾਹਰ ਨਿਕਲਣ ਦੀ ਉਡੀਕ ਕਰ ਰਹੇ ਮਜ਼ਦੂਰਾਂ ਦੇ ਪਰਿਵਾਰਕ ਜੀਆਂ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਹਾ ਕਿ ਫਸੇ ਮਜ਼ਦੂਰਾਂ ਦੀ ਆਵਾਜ਼ ਕਮਜ਼ੋਰ ਹੁੰਦੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਤਾਕਤ ਘਟਦੀ ਜਾਪਦੀ ਹੈ। ਯਮੁਨੋਤਰੀ ਰਾਸ਼ਟਰੀ ਰਾਜਮਾਰਗ ’ਤੇ ਬਣੀ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ 12 ਨਵੰਬਰ ਦੀ ਸਵੇਰ ਨੂੰ ਢਹਿ ਗਿਆ ਸੀ, ਜਿਸ ’ਚ 41 ਮਜ਼ਦੂਰ ਫਸ ਗਏ ਸਨ।

ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਸੁਰੰਗ ਦੇ ਬਾਹਰ ਉਡੀਕ ਕਰ ਰਹੇ ਮਜ਼ਦੂਰਾਂ ਦੇ ਪਰਿਵਾਰਾਂ ਵਿਚ ਨਿਰਾਸ਼ਾ ਵਧਦੀ ਹੀ ਜਾ ਰਹੀ ਹੈ। ਮਲਬੇ ’ਚ ਮੋਰ੍ਹੀ ਕੱਢ ਕੇ ਅਤੇ ਉਸ ਵਿਚ ਸਟੀਲ ਦੀਆਂ ਪਾਈਪਾਂ ਪਾ ਕੇ ਰਸਤਾ ਬਣਾਉਣ ਲਈ ਲਿਆਂਦੀ ਤਾਕਤਵਰ ਅਮਰੀਕਨ ਆਗਰ ਮਸ਼ੀਨ ਵਿਚ ਕੁਝ ਨੁਕਸ ਪੈਣ ਕਾਰਨ ਸ਼ੁਕਰਵਾਰ ਦੁਪਹਿਰ ਤੋਂ ਬਚਾਅ ਕਾਰਜ ਰੁਕੇ ਪਏ ਹਨ ਜਿਸ ਕਾਰਨ ਮਜ਼ਦੂਰ ਪਰਿਵਾਰਾਂ ਦੀ ਬੇਚੈਨੀ ਵਧਣ ਲੱਗੀ ਹੈ।

ਸੁਰੰਗ ’ਚ ਫਸੇ ਮਜ਼ਦੂਰਾਂ ’ਚੋਂ ਇਕ ਸੁਸ਼ੀਲ ਨਾਮਕ ਮਜ਼ਦੂਰ ਦੇ ਵੱਡੇ ਭਰਾ ਹਰਿਦੁਆਰ ਸ਼ਰਮਾ ਨੇ ਦਸਿਆ ਕਿ ਸੁਰੰਗ ’ਚ ਫਸੇ ਲੋਕਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ, ਜੋ ਬਾਹਰ ਆਉਣ ਦੀ ਉਡੀਕ ’ਚ ਸਮਾਂ ਲੰਘਾ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ’ਚ ਦਹਿਸ਼ਤ ਦਾ ਮਾਹੌਲ ਹੈ। ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਵਸਨੀਕ ਸ਼ਰਮਾ ਨੇ ਦਸਿਆ, ‘‘ਸਾਨੂੰ ਅਧਿਕਾਰੀਆਂ ਤੋਂ ਸਿਰਫ਼ ਇਹ ਭਰੋਸਾ ਮਿਲ ਰਿਹਾ ਹੈ ਕਿ ਫਸੇ ਹੋਏ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ ਪਰ ਹੁਣ ਤਕਰੀਬਨ ਇਕ ਹਫ਼ਤਾ ਹੋ ਗਿਆ ਹੈ।’’

ਅੱਖਾਂ ’ਚ ਹੰਝੂ ਲੈ ਕੇ ਸ਼ਰਮਾ ਨੇ ਕਿਹਾ, ‘‘ਸੁਰੰਗ ਦੇ ਅੰਦਰ ਕੋਈ ਕੰਮ ਨਹੀਂ ਹੋ ਰਿਹਾ ਹੈ। ਨਾ ਤਾਂ ਕੰਪਨੀ ਅਤੇ ਨਾ ਹੀ ਸਰਕਾਰ ਕੁਝ ਕਰ ਰਹੀ ਹੈ। ਕੰਪਨੀ ਕਹਿ ਰਹੀ ਹੈ ਕਿ ਮਸ਼ੀਨ ਆਉਣ ਵਾਲੀ ਹੈ ਤਾਂ ਹੀ ਅਗਲਾ ਕੰਮ ਸ਼ੁਰੂ ਹੋਵੇਗਾ।’’ ਸਿਲਕਿਆਰਾ ਸੁਰੰਗ ਦੇ ਬਾਹਰ ਉਡੀਕ ਕਰ ਰਹੇ ਲੋਕਾਂ ’ਚ ਉੱਤਰਾਖੰਡ ਦੇ ਕੋਟਦਵਾਰ ਦੇ ਗੱਬਰ ਸਿੰਘ ਨੇਗੀ ਦਾ ਪਰਿਵਾਰ ਵੀ ਸ਼ਾਮਲ ਹੈ। ਉਸ ਦੇ ਦੋ ਭਰਾ ਮਹਾਰਾਜ ਸਿੰਘ ਅਤੇ ਪ੍ਰੇਮ ਸਿੰਘ ਅਤੇ ਪੁੱਤਰ ਅਕਾਸ਼ ਸਿੰਘ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਮੌਜੂਦ ਹਨ ਅਤੇ ਕੋਈ ਚੰਗੀ ਖ਼ਬਰ ਮਿਲਣ ਲਈ ਬੇਤਾਬ ਹਨ।

ਮਹਾਰਾਜ ਸਿੰਘ ਨੇ ਦਸਿਆ ਕਿ ਉਸ ਦੀ ਆਕਸੀਜਨ ਸਪਲਾਈ ਪਾਈਪ ਰਾਹੀਂ ਗੱਬਰ ਸਿੰਘ ਨਾਲ ਗੱਲ ਹੋਈ ਸੀ ਅਤੇ ਉਸ ਦੀ ਆਵਾਜ਼ ਬਹੁਤ ਕਮਜ਼ੋਰ ਲੱਗ ਰਹੀ ਸੀ। ਉਸ ਨੇ ਕਿਹਾ, ‘‘ਮੈਂ ਅਪਣੇ ਭਰਾ ਨਾਲ ਗੱਲ ਨਹੀਂ ਕਰ ਸਕਿਆ। ਉਸ ਦੀ ਆਵਾਜ਼ ਬਹੁਤ ਕਮਜ਼ੋਰ ਸੀ ਅਤੇ ਸੁਣ ਵੀ ਨਹੀਂ ਰਿਹਾ ਸੀ ਕਿ ਉਹ ਕੀ ਬੋਲ ਰਿਹਾ ਹੈ। ਸੁਰੰਗ ’ਚ ਬਚਾਅ ਕਾਰਜ ਰੁਕ ਗਿਆ ਹੈ। ਫਸੇ ਲੋਕਾਂ ਨੂੰ ਭੋਜਨ ਅਤੇ ਪਾਣੀ ਦੀ ਵੀ ਘਾਟ ਹੈ। ਸਾਡੇ ਸਬਰ ਦਾ ਬੰਨ੍ਹ ਟੁੱਟ ਰਿਹਾ ਹੈ।’’ ਉਸ ਦੇ ਭਰਾ ਪ੍ਰੇਮ ਨੇ ਕਿਹਾ ਕਿ ਫਸੇ ਹੋਏ ਲੋਕ ਹੁਣ ਉਮੀਦ ਗੁਆ ਰਹੇ ਹਨ। ਉਨ੍ਹਾਂ ਕਿਹਾ, ‘‘ਫਸੇ ਹੋਏ ਲੋਕਾਂ ਨੂੰ ਖਾਣ ਲਈ ਛੋਲੇ, ਖੀਰ ਅਤੇ ਬਦਾਮ ਵਰਗੀਆਂ ਹਲਕੀਆਂ ਚੀਜ਼ਾਂ ਦਿਤੀਆਂ ਜਾ ਰਹੀਆਂ ਹਨ। ਇਹ ਗੱਲਾਂ ਕਦੋਂ ਤਕ ਚੱਲਣਗੀਆਂ?’’

ਗੱਬਰ ਦੇ ਬੇਟੇ ਆਕਾਸ਼ ਨੇ ਕਿਹਾ, ‘‘ਭਾਰਤ ਡਿਜੀਟਲ ਹੋ ਗਿਆ ਹੈ। ਉਹ ਭਾਰਤ ਦੇ ਚੰਦਰਯਾਨ ਮਿਸ਼ਨ ਦੀ ਸਫਲਤਾ ਦੀ ਗੱਲ ਕਰਦੇ ਹਨ, ਪਰ ਇਕ ਹਫ਼ਤੇ ਵਿਚ ਆਪਣੇ ਫਸੇ ਹੋਏ ਲੋਕਾਂ ਨੂੰ ਨਹੀਂ ਬਚਾ ਸਕੇ।’’ ਉਨ੍ਹਾਂ ਕਿਹਾ ਕਿ ਸੁਰੰਗ ’ਚ ਕੋਈ ਕੰਮ ਨਹੀਂ ਚੱਲ ਰਿਹਾ ਅਤੇ ਅੰਦਰ ਕੋਈ ਇੰਜੀਨੀਅਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪਾਈਪਾਂ ਰਾਹੀਂ ਭੋਜਨ ਅਤੇ ਪਾਣੀ ਭੇਜਣ ਵਾਲੇ ਲੋਕ ਹੀ ਸੁਰੰਗ ਵਿਚ ਆਉਂਦੇ-ਜਾਂਦੇ ਹਨ।