ਕੈਬਨਿਟ ਮੰਤਰੀਆਂ ਦਾ ਪੈਨਲ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲੇਗਾ , ਮੰਤਰੀ ਖੁੱਡੀਆਂ ਵੱਲੋਂ ਪਰਿਵਾਰ ਨੂੰ ਅੱਗੇ ਗੱਲਬਾਤ ਦਾ ਭਰੋਸਾ

ਕੈਬਨਿਟ ਮੰਤਰੀਆਂ ਦਾ ਪੈਨਲ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਮਿਲੇਗਾ , ਮੰਤਰੀ ਖੁੱਡੀਆਂ ਵੱਲੋਂ ਪਰਿਵਾਰ ਨੂੰ ਅੱਗੇ ਗੱਲਬਾਤ ਦਾ ਭਰੋਸਾ

ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦਾ ਇੱਕ ਉੱਚ-ਪੱਧਰੀ ਪੈਨਲ ਜਲਦ ਹੀ ਪਰਵਿੰਦਰ ਝੋਟਾ ਦੇ ਪਰਿਵਾਰ ਅਤੇ ਇਨਸਾਫ਼ ਐਕਸ਼ਨ ਕਮੇਟੀ ਨਾਲ ਅਧਿਕਾਰਤ ਬੈਠਕ ਕਰੇਗਾ। ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਾਨਸਾ ਵਿਖੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ ਦੌਰਾਨ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਹੈ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਨੇ ਮਾਨਸਾ ਸਥਿਤ ਝੋਟਾ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਿਤਾ ਭੀਮ ਸਿੰਘ ਅਤੇ ਪਤਨੀ ਮਨਪ੍ਰੀਤ ਕੌਰ ਨਾਲ ਦੁੱਖ ਸਾਂਝਾ ਕੀਤਾ। ਪਰਵਿੰਦਰ ਝੋਟਾ ਇਨਸਾਫ਼ ਕਮੇਟੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਜਾਂ ਪੁਲਿਸ ਪੈਨਲਾਂ ਨਾਲ ਅਗਲੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਉਨ੍ਹਾਂ ਮੰਗ ਕੀਤੀ ਸੀ ਕਿ ਸਿਰਫ਼ ਫੈਸਲੇ ਲੈਣ ਦੇ ਸਮਰੱਥ ਮੰਤਰੀਆਂ ਦੇ ਪੈਨਲ ਜਿਸ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਸਕੱਤਰ ਸ਼ਾਮਲ ਹੋਣ ਨਾਲ ਹੀ ਗੱਲਬਾਤ ਕੀਤੀ ਜਾਵੇਗੀ। ਮੰਤਰੀਆਂ ਦੇ ਇਸ ਪੈਨਲ ਦੇ ਗਠਨ ਦੇ ਭਰੋਸੇ ਤੋਂ ਬਾਅਦ ਹੁਣ ਮਸਲੇ ਦੇ ਜਲਦ ਹੱਲ ਹੋਣ ਅਤੇ ਪਰਵਿੰਦਰ ਝੋਟਾ ਦਾ ਸਸਕਾਰ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ।