- Updated: November 02, 2026 06:58 PM
ਹੁਸ਼ਿਆਰਪੁਰ ਤੋਂ ਇਕ ਬੇਹੱਦ ਦੁੱਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਆਈ. ਟੀ. ਆਈ. ਹੁਸ਼ਿਆਰਪੁਰ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਮਾਂ ਅਤੇ ਉਸ ਦੇ ਮਾਸੂਮ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਮੁਤਾਬਕ ਮਹਿਲਾ ਗਗਨਦੀਪ ਕੌਰ ਪਤਨੀ ਫਰਿਆਦ ਆਪਣੇ ਪੁੱਤਰ ਰਿਹਾਨ ਨੂੰ ਨਾਲ ਲੈ ਕੇ ਸਕੂਲ ਤੋਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਹਸਪਤਾਲ ਜਾ ਰਹੀ ਸੀ। ਜਦੋਂ ਉਹ ਆਈ. ਟੀ. ਆਈ. ਹੁਸ਼ਿਆਰਪੁਰ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਗਗਨਦੀਪ ਕੌਰ ਅਤੇ ਉਸ ਦੇ ਪੁੱਤਰ ਰਿਆਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਸਰਪੰਚ ਮੌਕੇ 'ਤੇ ਪਹੁੰਚ ਗਏ।
ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਉੱਧਰ, ਥਾਣਾ ਮਾਡਲ ਟਾਊਨ ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।