ਜਲੰਧਰ ''ਚ ''ਪੱਪੀ ਸਵੀਟਸ'' ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਦਾ ਹੋਇਆ ਸਸਕਾਰ

ਜਲੰਧਰ ''ਚ ''ਪੱਪੀ ਸਵੀਟਸ'' ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਦਾ ਹੋਇਆ ਸਸਕਾਰ

ਭਾਰਤੀ ਪਰੰਪਰਾ ਅਤੇ ਸੱਭਿਆਚਾਰ ਦੇ ਤਿਉਹਾਰ ਅਹੋਈ ਅਸ਼ਟਮੀ ’ਤੇ ਜਿੱਥੇ ਔਰਤਾਂ ਆਪਣੇ ਪੁੱਤਾਂ ਦੀ ਲੰਮੀ ਉਮਰ ਅਤੇ ਸੁੱਖ ਅਤੇ ਖ਼ੁਸ਼ਹਾਲੀ ਦੀ ਕਾਮਨਾ ਲਈ ਸਾਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ, ਉੱਥੇ ਹੀ ਇਸੇ ਦਿਨ ਜਲੰਧਰ ਵਿਚ ਹੋਏ ਇਕ ਦਰਦਨਾਕ ਸੜਕ ਹਾਦਸੇ ਨੇ ਦੋ ਵੱਕਾਰੀ ਪਰਿਵਾਰਾਂ ਦੇ ਨੌਜਵਾਨ ਪੁੱਤਾਂ ਦੀ ਜਾਨ ਚਲੀ ਗਈ। ਇਸ ਹਾਦਸੇ ਨਾਲ ਦੋਵਾਂ ਪਰਿਵਾਰਾਂ ਦੇ ਨਾਲ-ਨਾਲ ਸ਼ਹਿਰ ਵਿਚ ਵੀ ਸੋਗ ਦੀ ਲਹਿਰ ਫੈਲ ਗਈ।

ਹਾਦਸੇ ਵਿਚ ਜਾਨ ਗਵਾਉਣ ਵਾਲੇ ਨੌਜਵਾਨਾਂ ਵਿਚੋਂ ਇਕ ਨੌਜਵਾਨ ਪਟੇਲ ਚੌਕ ਸਥਿਤ 'ਪੱਪੀ ਸਵੀਟਸ' ਪਰਿਵਾਰ ਨਾਲ ਸਬੰਧਤ ਆਰਵ ਤਲਵਾੜ ਸੀ, ਜਿਸ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਹਰਨਾਮਦਾਸਪੁਰਾ ਸਥਿਤ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ। ਅਮਰਨਾਥ ਤਲਵਾੜ ਦੇ ਪੋਤੇ ਅਤੇ ਮਨੋਜ ਤਲਵਾੜ ਦੇ ਸਪੁੱਤਰ ਆਰਵ ਦੇ ਅੰਤਿਮ ਸੰਸਕਾਰ ਮੌਕੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਅਤੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ।

                                   Image

ਇਸ ਮੌਕੇ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ, ਸਾਬਕਾ ਕੌਂਸਲਰ ਅਸ਼ਵਨੀ ਭੰਡਾਰੀ, ਗੋਲਡੀ ਖਾਲਸਾ, ਦੀਪਕ ਸ਼ਾਰਦਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਮੌਜੂਦ ਰਹੇ। ਵਿਛੜੀ ਆਤਮਾ ਦੀ ਸ਼ਾਂਤੀ ਲਈ ਰਸਮ ਉਠਾਲਾ ਮੰਗਲਵਾਰ, 3 ਨਵੰਬਰ ਨੂੰ ਦੁਪਹਿਰ 2 ਤੋਂ 3 ਵਜੇ ਤੱਕ ਮਹਾਲਕਸ਼ਮੀ ਮੰਦਰ ਵਿਚ ਹੋਵੇਗੀ।

ਜਲੰਧਰ 'ਚ ਐਤਵਾਰ ਦੇਰ ਰਾਤ ਇਕ ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਪੁਲਸ ਲਾਈਨ ਨੇੜੇ ਸਥਿਤ ਫਲਾਈਓਵਰ 'ਤੇ ਵਾਪਰਿਆ। ਦੋਵੇਂ ਨੌਜਵਾਨ ਕਾਰ 'ਚ ਸਵਾਰ ਹੋ ਕੇ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਤੋਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰ ਫਲਾਈਓਵਰ 'ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ-ਟਰਾਲੀ ਨਾਲ ਪਿੱਛਿਓਂ ਜਾ ਟਕਰਾਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਮਸ਼ਹੂਰ ਪੰਜਾਬੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਦੇ ਪੁੱਤਰ ਵਿਦਿਤ ਓਲਕ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਵਜੋਂ ਹੋਈ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਤੜਕੇ ਕਰੀਬ 3 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ।

ਐੱਸ. ਐੱਚ. ਓ. ਸਾਹਿਲ ਚੌਧਰੀ ਨੇ ਦੱਸਿਆ ਕਿ ਤੜਕੇ ਕਰੀਬ 3 ਵਜੇ ਹਾਦਸੇ ਦੀ ਜਾਣਕਾਰੀ ਮਿਲੀ ਸੀ। ਪੁਲਸ ਟੀਮ ਜਦੋਂ ਮੌਕੇ ‘ਤੇ ਪਹੁੰਚੀ ਤਾਂ ਪਤਾ ਲੱਗਾ ਕਿ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ ‘ਤੇ ਸਫ਼ਾਈ ਕਰ ਰਹੇ ਸਨ। ਕੂੜਾ-ਕਰਕਟ ਇਕੱਠਾ ਕਰਨ ਲਈ ਉਨ੍ਹਾਂ ਨੇ ਫਲਾਈਓਵਰ ‘ਤੇ ਟਰੈਕਟਰ-ਟਰਾਲੀ ਖੜ੍ਹੀ ਕੀਤੀ ਹੋਈ ਸੀ।

ਐੱਸ. ਐੱਚ. ਓ. ਨੇ ਦੱਸਿਆ ਕਿ ਕਾਰ ਬੀ. ਐੱਮ. ਸੀ. ਚੌਕ ਵੱਲੋਂ ਬੀ. ਐੱਸ. ਐੱਫ਼. ਚੌਕ ਵੱਲ ਫਲਾਈਓਵਰ ਤੋਂ ਲੰਘ ਰਹੀ ਸੀ। ਇਸੇ ਦੌਰਾਨ ਕਾਰ ਸਿੱਧੀ ਖੜ੍ਹੀ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਹਾਦਸੇ ਸਮੇਂ ਕਾਰ ‘ਚ ਕੁੱਲ੍ਹ 5 ਨੌਜਵਾਨ ਸਵਾਰ ਸਨ।

ਪੁਲਸ ਅਧਿਕਾਰੀ ਮੁਤਾਬਕ ਦੋਵਾਂ ਮ੍ਰਿਤਕਾਂ ਦੇ ਪਰਿਵਾਰਾਂ ਨੇ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ। ਬੀਤੇ ਦਿਨ ਆਰਵ ਤਲਵਾੜ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।