ਨੂਰਮਹਿਲ ''ਚ ਮੀਡੀਆ ਕਰਮਚਾਰੀ ''ਤੇ ਤਸਕਰਾਂ ਦਾ ਹਮਲਾ, ਤੋੜੀ ਲੱਤ

ਨੂਰਮਹਿਲ ''ਚ ਮੀਡੀਆ ਕਰਮਚਾਰੀ ''ਤੇ ਤਸਕਰਾਂ ਦਾ ਹਮਲਾ, ਤੋੜੀ ਲੱਤ

ਜਲੰਧਰ ਦੇ ਨੂਰਮਹਿਲ 'ਚ ਨਸ਼ਾ ਤਸਕਰਾਂ ਨੇ ਇਕ ਮੀਡੀਆ ਕਰਮਚਾਰੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਤਸਕਰਾਂ ਨੇ ਲੋਹੇ ਦੀ ਪਾਈਪ ਨਾਲ ਮੀਡੀਆ ਕਰਮਚਾਰੀ ਦੀ ਲੱਤ ਤੋੜ ਦਿੱਤੀ ਅਤੇ ਬਾਂਹ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੀੜਤ ਦੀ ਪਛਾਣ ਨਰਿੰਦਰ ਕੁਮਾਰ (52) ਵਜੋਂ ਹੋਈ ਹੈ, ਜੋਕਿ ਨੂਰਮਹਿਲ ਥਾਣੇ ਦੇ ਪਿੰਡ ਭੰਡਾਲ ਦਾ ਰਹਿਣ ਵਾਲਾ ਹੈ। ਪੁਲਸ ਨੇ ਪੀੜਤ ਦੇ ਬਿਆਨ ਦੇ ਆਧਾਰ 'ਤੇ ਐੱਫ਼. ਆਈ. ਆਰ. ਦਰਜ ਕੀਤੀ ਹੈ। ਹਾਲਾਂਕਿ ਘਟਨਾ ਦੇ 10 ਦਿਨ ਬਾਅਦ ਵੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਪੀੜਤ ਨੇ ਦੱਸਿਆ ਕਿ 23 ਅਕਤੂਬਰ ਦੀ ਸਵੇਰ ਨੂੰ ਉਹ ਸਵੇਰੇ 10 ਵਜੇ ਦੇ ਕਰੀਬ ਆਪਣੇ ਸਕੂਟਰ 'ਤੇ ਨੂਰਮਹਿਲ ਸਥਿਤ ਆਪਣੇ ਦਫ਼ਤਰ ਜਾ ਰਿਹਾ ਸੀ। ਇਸੇ ਦੌਰਾਨ ਭੰਜਾਲ ਹਿੰਮਤ 'ਚ ਸੀਮੇਂਟ ਦੀ ਦੁਕਾਨ ਦੇ ਕੋਲ ਸੁਖਵਿੰਦਰ ਕੁਮਾਰ ਉਰਫ਼ ਸੀਸੂ, ਹਰਵਿੰਦਰ ਕੁਮਾਰ ਉਰਫ਼ ਕਾਕਾ ਅਤੇ ਪਰਮਜੀਤ ਨੇ ਰੋਕ ਲਿਆ। ਪਹਿਲਾਂ ਉਨ੍ਹਾਂ ਨੇ ਬਹਿਸਬਾਜ਼ੀ ਕੀਤੀ ਅਤੇ ਫਿਰ ਸੁਖਵਿੰਦਰ ਕੁਮਾਰ ਨੇ ਪਾਈਪ ਨਾਲ ਉਸ ਦੀ ਲੱਤ 'ਤੇ ਹਮਲਾ ਕੀਤਾ। ਜਦੋਂ ਉਸ ਨੇ ਆਪਣਾ ਬਚਾਅ ਕਰਨ ਲਈ ਹੱਥ ਵਧਾਇਆ ਤਾਂ ਹਮਲਾਵਰ ਹਰਵਿੰਦਰ ਕੁਮਾਰ ਨੇ ਉਸ 'ਤੇ ਬੇਸਬਾਲ ਬੈਟ ਨਾਲ ਹਮਲਾ ਕੀਤਾ, ਜਿਸ ਨਾਲ ਉਸ ਦੀਆਂ ਉਂਗਲਾਂ 'ਤੇ ਸੱਟਾਂ ਲੱਗੀਆਂ। ਤੀਜੇ ਹਮਲਾਵਰ ਸੁਖਵਿੰਦਰ ਕੁਮਾਰ ਨੇ ਫਿਰ ਬੇਸਬਾਲ ਬੈਟ ਨਾਲ ਉਸ ਦੇ ਸਿਰ 'ਤੇ ਮਾਰਨ ਦੀ ਕੋਸ਼ਿਸ਼ ਕੀਤੀ।

ਪੀੜਤ ਨੇ ਦੱਸਿਆ ਕਿ ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਉਸ ਨੂੰ ਛੁਡਵਾਇਆ। ਉਸ ਦੀ ਭਰਜਾਈ ਸੁਖਵਿੰਦਰ ਕੌਰ ਅਤੇ ਪਤਨੀ ਮਨਜੀਤ ਕੁਮਾਰੀ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੂੰ ਵੇਖ ਕੇ ਦੋਸ਼ੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ। ਜਾਂਦੇ ਹੋਏ ਉਨ੍ਹਾਂ ਨੇ ਉਸ ਦੀ ਸਕੂਟਰੀ ਵੀ ਤੋੜ ਦਿੱਤੀ ਅਤੇ ਉਸ ਦਾ ਮੋਬਾਇਲ ਸਾੜ ਦਿੱਤਾ।

ਘਟਨਾ ਤੋਂ ਬਾਅਦ ਜ਼ਖ਼ਮੀ 10 ਦਿਨਾਂ ਤੱਕ ਸਿਵਲ ਹਸਪਤਾਲ ਵਿਚ ਦਾਖ਼ਲ ਰਿਹਾ। ਉਸਨੂੰ ਪਹਿਲਾਂ ਨੂਰਮਹਿਲ ਲਿਜਾਇਆ ਗਿਆ, ਜਿੱਥੇ ਮੁੱਢਲਾ ਇਲਾਜ ਕਰਵਾਉਣ ਮਗਰੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ, ਜਲੰਧਰ ਰੈਫਰ ਕਰ ਦਿੱਤਾ। ਮੈਡੀਕਲ ਰਿਪੋਰਟ (ਐੱਮ. ਐੱਲ. ਆਰ) ਮੁਤਾਬਕ ਪੀੜਤ ਨੂੰ ਤਿੰਨ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਐਕਸ-ਰੇ ਰਿਪੋਰਟ ਆਉਣੀ ਬਾਕੀ ਹੈ।

ਪੁਲਸ ਦੇ ਏ. ਐੱਸ. ਆਈ. ਸੁਭਾਸ਼ ਚੰਦਰ ਨੇ ਕਿਹਾ ਕਿ ਪੀੜਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਵਿਰੁੱਧ ਭਾਰਤੀ ਦੰਡ ਸੰਹਿਤਾ (ਬੀ. ਐੱਨ. ਐੱਸ) ਦੀ ਧਾਰਾ 115(2), 126(2), 351(2), 324(4) ਅਤੇ 3(5) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।