- Updated: November 03, 2026 12:52 PM
ਸ਼ਿੰਗਾਰ ਸਿਨੇਮਾ ਰੋਡ ਸਥਿਤ ਹਰਚਰਨ ਨਗਰ ਇਲਾਕੇ ਵਿਚ ਬੀਤੀ ਦੇਰ ਹੋਈ ਗਾਲੀਬਾਰੀ ਕਾਰਣ ਇਲਾਕੇ ਵਿਚ ਦਹਿਸ਼ਤ ਫੈਲ ਗਈ। ਦਰਅਸਲ ਆਪਣੇ ਜਨਮ ਦਿਨ ਦੀ ਪਾਰਟੀ ਤੋਂ ਬਾਅਦ ਦੋਸਤਾਂ ਨੂੰ ਛੱਡ ਕੇ ਵਾਪਸ ਪਰਤ ਰਹੇ ਇਕ ਥਾਰ ਸਵਾਰ ਨੌਜਵਾਨ 'ਤੇ ਡੇਢ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਥਾਰ 'ਤੇ ਹਮਲਾ ਕੀਤਾ ਅਤੇ ਫਿਰ ਨੌਜਵਾਨ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਉਸ 'ਤੇ 12 ਤੋਂ 15 ਤਾਬੜ-ਤੋੜ ਗੋਲੀਆਂ ਵਰ੍ਹਾ ਦਿੱਤੀਆਂ। ਗਨੀਮਤ ਰਹੀ ਕਿ ਪੀੜਤ ਨੌਜਵਾਨ ਗੱਡੀ 'ਚੋਂ ਬਾਹਰ ਨਹੀਂ ਨਿਕਲਿਆ ਅਤੇ ਫਟੇ ਟਾਇਰਾਂ ਦੇ ਸਹਾਰੇ ਹੀ ਕਿਸੇ ਤਰ੍ਹਾਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ।
ਹੈਬੋਵਾਲ ਨਿਵਾਸੀ ਪੀੜਤ ਦਵਿਆਂਸ਼ ਬੱਗਾ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਉਸ ਦਾ ਜਨਮਦਿਨ ਸੀ। ਦਿਨ ਵਿਚ ਜਨਮਦਿਨ ਮਨਾਉਣ ਤੋਂ ਬਾਅਦ ਦੇਰ ਰਾਤ ਉਹ ਆਪਣੇ ਇਕ ਦੋਸਤ ਨੂੰ ਥਾਰ ਵਿਚ ਛੱਡ ਕੇ ਵਾਪਸ ਆਪਣੇ ਘਰ ਹੈਬੋਵਾਲ ਪਰਤ ਰਿਹਾ ਸੀ। ਜਦੋਂ ਉਹ ਸ਼ਿੰਗਾਰ ਸਿਨੇਮਾ ਰੋਡ ਕੋਲ ਸੀ ਤਾਂ ਉਸ ਦੀ ਇਕ ਮਹਿਲਾ ਮਿੱਤਰ ਦਾ ਫੋਨ ਆਇਆ। ਉਸ ਨੇ ਕਿਹਾ ਕਿ ਉਹ ਉਸ ਦੇ ਘਰ ਦੀ ਗਲੀ ਵੱਲੋਂ ਹੁੰਦੇ ਹੋਏ ਨਿਕਲੇ। ਜਿਵੇਂ ਹੀ ਉਹ ਆਪਣੀ ਮਹਿੰਦਰਾ ਥਾਰ ਲੈ ਕੇ ਹਰਚਰਨ ਨਗਰ ਸਥਿਤ ਉਕਤ ਗਲੀ ਵਿਚ ਦਾਖਲ ਹੋਇਆ ਤਾਂ ਪਹਿਲਾਂ ਤੋਂ ਤਾਕ ਵਿਚ ਬੈਠੇ ਕੁਝ ਨੌਜਵਾਨਾਂ ਨੇ ਉਸ ਦੀ ਗੱਡੀ ਨੂੰ ਚੁਫੇਰਿਓਂ ਘੇਰ ਲਿਆ। ਪਹਿਲਾਂ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਫਿਰ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਦੂਜੇ ਪਾਸੇ ਰਿਹਾਇਸ਼ੀ ਇਲਾਕੇ ਵਿਚ ਦਰਜਨਾਂ ਗੋਲੀਆਂ ਚੱਲਣ ਦੀਆਂ ਖਬਰਾਂ ਮਿਲਣ 'ਤੇ ਪੁਲਸ ਥਾਣਾ ਡਿਵੀਜ਼ਨ ਨੰਬਰ 3 ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ। ਪੁਲਸ ਨੇ ਨੁਕਸਾਨੀ ਗਈ ਥਾਰ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਇਸਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਸ਼ੁਰੂ ਵਿਚ ਪ੍ਰੇਮ ਸਬੰਧ ਜਾਂ ਨਿੱਜੀ ਦੁਸ਼ਮਣੀ ਦਾ ਜਾਪਦਾ ਹੈ। ਪੁਲਸ ਹਮਲਾਵਰਾਂ ਅਤੇ ਉਨ੍ਹਾਂ ਵੱਲੋ ਵਰਤੇ ਗਏ ਹਥਿਆਰਾਂ ਅਤੇ ਵਾਹਨਾਂ ਦੀ ਪਛਾਣ ਕਰਨ ਲਈ ਘਟਨਾ ਸਥਾਨ ਅਤੇ ਆਲੇ ਦੁਆਲੇ ਦੀਆਂ ਸੜਕਾਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।