- Updated: November 03, 2026 12:50 PM
ਕੁਝ ਬੱਚੇ ਮੋਬਾਈਲ ਫੋਨਾਂ ਅਤੇ ਗੇਮਾਂ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਉਹ ਇਨ੍ਹਾਂ ਨੂੰ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਰਹਿੰਦੇ ਹਨ। ਹਾਲ ਹੀ ਵਿੱਚ, ਫੋਨ ਚਲਾਉਣ ਤੋਂ ਮਨਾ ਕਰਨ 'ਤੇ ਗੁਜਰਾਤ ਦੇ ਸੂਰਤ ਵਿੱਚ, ਇੱਕ ਧੀ ਨੇ ਆਪਣੇ ਪਿਤਾ ਦੇ ਸਿਰ 'ਤੇ ਪ੍ਰੈਸ਼ਰ ਕੁੱਕਰ ਦਾ ਢੱਕਣ ਮਾਰਿਆ ਅਤੇ ਫਿਰ ਚਾਕੂ ਨਾਲ ਵਾਰ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਧੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸਿਆ ਗਿਆ ਹੈ ਕਿ ਪਿਤਾ (ਰਮੇਸ਼ ਚੌਹਾਨ) ਅਤੇ ਉਸ ਦੀ ਧੀ (ਕਾਜਲ) ਵੱਲੋਂ ਆਪਣੇ ਫ਼ੋਨ 'ਤੇ ਗੇਮਾਂ ਖੇਡਣ ਦੀ ਆਦਤ ਨੂੰ ਲੈ ਕੇ ਬਹਿਸ ਹੋ ਗਈ। ਇਸ ਬਹਿਸ ਦੌਰਾਨ, ਪਿਤਾ ਨੇ ਉਸ ਦਾ ਮੋਬਾਈਲ ਫ਼ੋਨ ਤੋੜ ਦਿੱਤਾ। ਮ੍ਰਿਤਕ ਦੀ ਪਤਨੀ, ਮੰਜੂ ਦੇ ਅਨੁਸਾਰ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪਿਤਾ ਨੇ ਆਪਣੀ ਧੀ ਨੂੰ ਗੇਮਾਂ ਖੇਡਣਾ ਬੰਦ ਕਰਨ ਅਤੇ ਘਰ ਦੇ ਕੰਮਕਾਜ ਵਿੱਚ ਮਦਦ ਕਰਨ ਲਈ ਕਿਹਾ।
ਪੁਲਿਸ ਸ਼ਿਕਾਇਤ ਅਨੁਸਾਰ, ਇਹ ਪਰਿਵਾਰ ਸੂਰਤ ਦੇ ਕੋਸਾਦ ਇਲਾਕੇ ਵਿੱਚ ਰਹਿੰਦਾ ਹੈ। ਐਤਵਾਰ ਨੂੰ, ਜਦੋਂ ਚੌਹਾਨ ਕੰਮ ਤੋਂ ਘਰ ਪਰਤਿਆ, ਤਾਂ ਮੰਜੂ ਨੇ ਸ਼ਿਕਾਇਤ ਕੀਤੀ ਕਿ ਕਾਜਲ ਆਪਣੇ ਫ਼ੋਨ 'ਤੇ ਗੇਮਾਂ ਖੇਡਣ ਵਿੱਚ ਰੁੱਝੀ ਹੋਈ ਹੈ ਅਤੇ ਘਰੇਲੂ ਕੰਮਾਂ ਵਿੱਚ ਮਦਦ ਨਹੀਂ ਕਰ ਰਹੀ। ਚੌਹਾਨ ਨੇ ਕਾਜਲ ਨੂੰ ਕਿਹਾ ਕਿ ਉਹ ਆਪਣਾ ਫ਼ੋਨ ਇੱਕ ਪਾਸੇ ਰੱਖ ਦੇਵੇ ਅਤੇ ਘਰ ਦੇ ਕੰਮਾਂ ਵਿੱਚ ਹੱਥ ਵਟਾਵੇ। ਜਦੋਂ ਕਾਜਲ ਨੇ ਅਜਿਹਾ ਨਹੀਂ ਕੀਤਾ, ਤਾਂ ਚੌਹਾਨ ਨੇ ਉਸ ਕੋਲੋਂ ਫ਼ੋਨ ਖੋਹ ਕੇ ਜ਼ਮੀਨ 'ਤੇ ਸੁੱਟ ਦਿੱਤਾ, ਜਿਸ ਕਾਰਨ ਉਹ ਟੁੱਟ ਗਿਆ।
ਜਦੋਂ ਕਾਜਲ ਦਾ ਮੋਬਾਈਲ ਫ਼ੋਨ ਟੁੱਟ ਗਿਆ ਤਾਂ ਉਹ ਗੁੱਸੇ ਵਿੱਚ ਆ ਗਈ। ਉਸ ਨੇ ਰਸੋਈ 'ਚ ਪ੍ਰੈਸ਼ਰ ਕੁੱਕਰ ਦਾ ਢੱਕਣ ਚੁੱਕਿਆ ਅਤੇ ਆਪਣੇ ਪਿਤਾ ਰਮੇਸ਼ ਦੇ ਸਿਰ 'ਤੇ ਪੂਰੀ ਤਾਕਤ ਨਾਲ ਮਾਰਿਆ। ਕਾਜਲ ਇਥੇ 'ਤੇ ਹੀ ਨਹੀਂ ਉਸ ਨੇ ਚਾਕੂ ਚੁੱਕਿਆ ਅਤੇ ਪਿਤਾ 'ਤੇ ਵਾਰ-ਵਾਰ ਵਾਰ ਕੀਤਾ। ਰਮੇਸ਼ ਦੀ ਚੀਕ ਸੁਣ ਕੇ, ਮੰਜੂ ਰਸੋਈ ਵੱਲ ਭੱਜੀ ਅਤੇ ਦੇਖਿਆ ਕਿ ਉਸ ਦਾ ਪਤੀ ਖੂਨ ਨਾਲ ਲੱਥਪੱਥ ਫਰਸ਼ 'ਤੇ ਪਿਆ ਸੀ, ਉਸ ਦੇ ਸਿਰ ਅਤੇ ਪੇਟ ਤੋਂ ਬਹੁਤ ਸਾਰਾ ਖੂਨ ਵਹਿ ਰਿਹਾ ਸੀ।
ਜ਼ਖ਼ਮੀ ਰਮੇਸ਼ ਚੌਹਾਨ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ, ਪੁਲਿਸ ਨੇ ਉਸ ਦੀ ਪਤਨੀ ਮੰਜੂ ਦੀ ਸ਼ਿਕਾਇਤ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਅਤੇ ਐਤਵਾਰ ਦੇਰ ਰਾਤ ਦੋਸ਼ੀ ਕਾਜਲ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਇੰਸਪੈਕਟਰ ਜੇ.ਬੀ. ਵਨਾਰ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੋਬਾਈਲ ਗੇਮਿੰਗ ਨੂੰ ਲੈ ਕੇ ਇੱਕ ਮਾਮੂਲੀ ਝਗੜਾ ਇੱਕ ਭਿਆਨਕ ਘਟਨਾ ਵਿੱਚ ਬਦਲ ਗਿਆ ਜਿਸ ਦੇ ਨਤੀਜੇ ਵਜੋਂ ਪਿਤਾ ਦੀ ਹੱਤਿਆ ਹੋ ਗਈ।