ਦਿਮਾਗ਼ੀ ਨਸ ਫੱਟਣ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਹੋਈ ਮੌਤ

ਦਿਮਾਗ਼ੀ ਨਸ ਫੱਟਣ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਹੋਈ ਮੌਤ

ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ (Wadala Banger) ਵਿਖੇ ਲੱਖਾਂ ਰੁਪਏ ਖਰਚ ਕਰ ਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਹੋਣਹਾਰ ਨੌਜਵਾਨ ਰਾਜਵਿੰਦਰ ਸਿੰਘ (27) ਦੀ ਬੁਧਵਾਰ ਨੂੰ ਅਚਾਨਕ ਦਿਮਾਗ਼ੀ ਨਾੜੀ ਫੱਟਣ ਕਾਰਨ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਕਰਮਜੀਤ ਸਿੰਘ ਵਡਾਲਾ ਬਾਂਗਰ ਨੇ ਦਸਿਆ ਕਿ ਉਸ ਦਾ ਚਚੇਰਾ ਭਰਾ ਰਾਜਵਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਦਾ ਕੈਨੇਡਾ ਤੋਂ ਵੀਜ਼ਾ ਆਇਆ ਹੋਇਆ ਸੀ ਤੇ ਵੀਰਵਾਰ ਨੂੰ ਕੈਨੇਡਾ ਜਾਣ ਲਈ ਜਹਾਜ਼ ਦੀਆਂ ਟਿਕਟਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਸੀ।

ਬੁਧਵਾਰ ਦੀ ਰਾਤ ਜਦੋਂ ਉਸ ਦੇ ਪ੍ਰਵਾਰਕ ਮੈਂਬਰ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਕੱਢੀ ਜਾ ਰਹੀ ਪ੍ਰਭਾਤ ਫੇਰੀ ਦੀ ਸੇਵਾ ਕਰਨ ਲਈ ਘਰ ਵਿਚ ਸੰਗਤਾਂ ਨੂੰ ਵੰਡਣ ਲਈ ਬਦਾਨੇ ਦੀ ਪੈਕਿੰਗ ਕਰ ਰਹੇ ਸਨ ਤਾਂ ਅਚਾਨਕ ਉਸ ਦੇ ਚਚੇਰੇ ਭਰਾ ਰਾਜਵਿੰਦਰ ਸਿੰਘ ਦੀ ਦਿਮਾਗ਼ੀ ਨਸ ਫੱਟਣ ਨਾਲ ਉਸ ਦੇ ਨੱਕ ਵਿਚੋਂ ਖ਼ੂਨ ਆਉਣਾ ਸ਼ੁਰੂ ਹੋ ਗਿਆ ਤੇ ਉਸ ਦੀ ਮੌਤ ਹੋ ਗਈ। ਹੋਣਹਾਰ ਨੌਜਵਾਨ ਰਾਜਵਿੰਦਰ ਸਿੰਘ ਦੀ ਮੌਤ ਦੀ ਖਬਰ ਸੁਣਨ ਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ ਤੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ।