ਤੇਜ਼ਧਾਰ ਹਥਿਆਰਾਂ ਨਾਲ ਜਲੰਧਰ ''ਚ ਔਰਤ ''ਤੇ ਕਾਤਲਾਨਾ ਹਮਲਾ ਹੋਇਆ , ਪੁਲਿਸ ਵੱਲੋਂ ਕਾਰਵਾਈ ਨਾ ਹੋਣ ''ਤੇ ਪੀੜਤਾ ਪਹੁੰਚੀ ਹਾਈ ਕੋਰਟ

ਤੇਜ਼ਧਾਰ ਹਥਿਆਰਾਂ ਨਾਲ ਜਲੰਧਰ ''ਚ ਔਰਤ ''ਤੇ ਕਾਤਲਾਨਾ ਹਮਲਾ ਹੋਇਆ , ਪੁਲਿਸ ਵੱਲੋਂ ਕਾਰਵਾਈ ਨਾ ਹੋਣ ''ਤੇ ਪੀੜਤਾ ਪਹੁੰਚੀ ਹਾਈ ਕੋਰਟ

ਜਲੰਧਰ ਛਾਉਣੀ ਦੇ ਸੋਫੀ ਪਿੰਡ ਵਿਖੇ ਘਰ 'ਚ ਇਕੱਲੀ 41 ਸਾਲਾ ਔਰਤ ਲਲਿਤਾ 'ਤੇ 28-29 ਅਗਸਤ ਦੀ ਰਾਤ ਨੂੰ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ।

 ਪੀੜਤਾ ਦੇ ਸਰੀਰ 'ਤੇ ਚਾਕੂ ਅਤੇ ਕਿਰਪਾਨ ਦੇ 16 ਡੂੰਘੇ ਜ਼ਖ਼ਮ ਪਾਏ ਗਏ, ਜਿਨ੍ਹਾਂ ਵਿੱਚੋਂ 8 ਗੰਭੀਰ ਸਨ। ਬਚਾਅ ਦੌਰਾਨ ਉਸ ਦੀ ਕੂਹਣੀ ਤੇ ਅੰਗੂਠਾ ਵੀ ਫ੍ਰੈਕਚਰ ਹੋ ਗਿਆ, ਜਿਸ ਕਾਰਨ ਉਸ ਨੂੰ 15 ਦਿਨ ਹਸਪਤਾਲ ਦਾਖ਼ਲ ਰਹਿਣਾ ਪਿਆ। ਹਮਲੇ ਦੌਰਾਨ ਘਰੋਂ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਗਾਇਬ ਸਨ।

ਪੀੜਤਾ ਨੇ ਦੋਸ਼ ਲਾਇਆ ਕਿ ਪੁਰਾਣੀ ਰੰਜਿਸ਼ ਤਹਿਤ ਗੁਆਂਢੀਆਂ ਦੀ ਸ਼ੈਅ 'ਤੇ ਵੰਸ਼ ਨਾਂ ਦੇ ਵਿਅਕਤੀ ਨੇ ਇਹ ਹਮਲਾ ਕੀਤਾ। ਹਸਪਤਾਲ ਵੱਲੋਂ ਪੁਲਿਸ ਨੂੰ ਤੁਰੰਤ ਸੂਚਿਤ ਕਰਨ ਅਤੇ ਘਟਨਾ ਸਥਾਨ ਤੋਂ ਚਾਕੂ ਬਰਾਮਦ ਹੋਣ ਦੇ ਬਾਵਜੂਦ ਪਰਾਗਪੁਰ ਪੁਲਿਸ ਚੌਕੀ ਵੱਲੋਂ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਪੁਲਿਸ ਦੇ ਅੜੀਅਲ ਵਤੀਰੇ ਅਤੇ ਕਮਿਸ਼ਨਰ ਕੋਲ ਦਰਖਾਸਤ ਦੇਣ 'ਤੇ ਵੀ ਕੋਈ ਕਾਰਵਾਈ ਨਾ ਹੋਣ ਮਗਰੋਂ ਪੀੜਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਹੈ। ਪਟੀਸ਼ਨ ਵਿੱਚ ਤੁਰੰਤ ਕੇਸ ਦਰਜ ਕਰਨ, ਐਸ.ਪੀ. ਪੱਧਰ ਦੇ ਅਧਿਕਾਰੀ ਤੋਂ ਨਿਰਪੱਖ ਜਾਂਚ ਕਰਵਾਉਣ ਅਤੇ ਪਰਿਵਾਰ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਹੈ।

 ਹਾਈ ਕੋਰਟ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਹਦਾਇਤ ਕੀਤੀ ਹੈ ਕਿ ਉਹ ਪਟੀਸ਼ਨਰ ਲਲਿਤਾ ਵੱਲੋਂ ਦਿੱਤੀ ਗਈ ਪ੍ਰਤੀਬੇਨਤੀ (ਰਿਪ੍ਰੈਜ਼ੈਂਟੇਸ਼ਨ) ਦਾ 15 ਦਿਨਾਂ ਦੇ ਅੰਦਰ-ਅੰਦਰ ਨਿਪਟਾਰਾ ਕਰਨ।

ਅਦਾਲਤ ਨੇ ਕੇਸ ਦੇ ਗੁਣ-ਦੋਸ਼ਾਂ 'ਤੇ ਕੋਈ ਟਿੱਪਣੀ ਕੀਤੇ ਬਿਨਾਂ ਪੁਲਿਸ ਕਮਿਸ਼ਨਰ, ਜਲੰਧਰ ਨੂੰ ਆਦੇਸ਼ ਦਿੱਤਾ ਕਿ ਉਹ ਇਸ ਹੁਕਮ ਦੀ ਪ੍ਰਮਾਣਿਤ ਕਾਪੀ ਮਿਲਣ ਦੇ 15 ਦਿਨਾਂ ਦੇ ਅੰਦਰ-ਅੰਦਰ 25 ਸਤੰਬਰ 2026 ਵਾਲੀ ਦਰਖ਼ਾਸਤ ਦੀ ਪੜਤਾਲ ਕਰਕੇ ਕਾਨੂੰਨ ਅਨੁਸਾਰ ਫ਼ੈਸਲਾ ਲੈਣ। ਇਸ ਹਦਾਇਤ ਦੇ ਨਾਲ ਹੀ ਅਦਾਲਤ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।