ਕਾਂਗਰਸ ਤੇ ''ਆਪ'' ਦੇ ਲੀਡਰਾਂ ਨੇ ਸੀਟ ਸ਼ੇਅਰਿੰਗ ਬਾਰੇ ਕੀਤੀ ਮੀਟਿੰਗ, ਪੰਜਾਬ ਲਈ ਕੀਤੀ ਇਹ ਪੇਸ਼ਕਸ਼

ਕਾਂਗਰਸ ਤੇ ''ਆਪ'' ਦੇ ਲੀਡਰਾਂ ਨੇ ਸੀਟ ਸ਼ੇਅਰਿੰਗ ਬਾਰੇ ਕੀਤੀ ਮੀਟਿੰਗ, ਪੰਜਾਬ ਲਈ ਕੀਤੀ ਇਹ ਪੇਸ਼ਕਸ਼

ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਇੱਥੇ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਮੀਟਿੰਗ ਕੀਤੀ। ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਕਾਂਗਰਸ ਦੀ ਰਾਸ਼ਟਰੀ ਗਠਜੋੜ ਕਮੇਟੀ ਦੀ ਬੈਠਕ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਮੁਕੁਲ ਵਾਸਨਿਕ ਨੇ ਕਿਹਾ ਕਿ ਚੋਣ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਮੀਟਿੰਗ ਨੂੰ ਸਕਾਰਾਤਮਕ ਮੰਨਿਆ ਜਾ ਰਿਹਾ ਹੈ। ਦੋਵਾਂ ਪਾਰਟੀਆਂ ਨੇ ਵੱਖ-ਵੱਖ ਰਾਜਾਂ 'ਚ ਚੋਣ ਲੜਨ ਦੀਆਂ ਰਣਨੀਤੀਆਂ ਅਤੇ ਸੀਟਾਂ ਦੀ ਗਿਣਤੀ 'ਤੇ ਚਰਚਾ ਕੀਤੀ।

'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਬੈਠਕ 'ਚ ਸ਼ਿਰਕਤ ਕੀਤੀ। ਕਾਂਗਰਸ ਦੀ ਤਰਫੋਂ ਮੁਕੁਲ ਵਾਸਨਿਕ, ਅਸ਼ੋਕ ਗਹਿਲੋਤ, ਭੁਪੇਸ਼ ਬਘੇਲ, ਸਲਮਾਨ ਖੁਰਸ਼ੀਦ ਅਤੇ ਮੋਹਨ ਪ੍ਰਕਾਸ਼ ਦੀ 5 ਮੈਂਬਰੀ ਕਮੇਟੀ ਨੇ ਬੈਠਕ ਵਿਚ ਹਿੱਸਾ ਲਿਆ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਨੇ ਇਸ ਕਮੇਟੀ ਨੂੰ ਸੀਟ ਵੰਡ ਦੇ ਮੁੱਦੇ 'ਤੇ ਇੰਡੀਆ ਬਲਾਕ 'ਚ ਸ਼ਾਮਲ ਪਾਰਟੀਆਂ ਨਾਲ ਗੱਲ ਕਰਨ ਦਾ ਅਧਿਕਾਰ ਦਿੱਤਾ ਹੈ। ਮੀਟਿੰਗ ਵਿਚ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਵੀ ਮੌਜੂਦ ਸਨ। 

ਮੀਟਿੰਗ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਮੁਕੁਲ ਵਾਸਨਿਕ ਨੇ ਕਿਹਾ ਕਿ ਕਈ ਚੋਣ ਮੁੱਦਿਆਂ 'ਤੇ ਚਰਚਾ ਹੋਈ। ਉਨ੍ਹਾਂ ਕਿਹਾ, ''ਅਸੀਂ ਆਉਣ ਵਾਲੀਆਂ ਚੋਣਾਂ ਲਈ ਕਈ ਮੁੱਦਿਆਂ 'ਤੇ ਮੀਟਿੰਗ ਕੀਤੀ। ਗੱਲਬਾਤ ਜਾਰੀ ਰਹੇਗੀ ਅਤੇ ਅਸੀਂ ਦੁਬਾਰਾ ਮਿਲਾਂਗੇ। ਉਸ ਤੋਂ ਬਾਅਦ ਹੀ ਅਸੀਂ ਸੀਟਾਂ ਦੀ ਵੰਡ ਬਾਰੇ ਅੰਤਿਮ ਫੈਸਲਾ ਲਵਾਂਗੇ। ਹਰ ਗੱਲ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਸੀਂ ਇਕੱਠੇ ਚੋਣ ਲੜਾਂਗੇ। ਅਸੀਂ ਭਾਜਪਾ ਨੂੰ ਸਖ਼ਤ ਟੱਕਰ ਦੇਵਾਂਗੇ।'' 'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਅਤੇ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਮੀਟਿੰਗ ਵਿਚ ਸ਼ਾਮਲ ਹੋਏ। ਕਾਂਗਰਸ ਵੱਲੋਂ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਵਾਸਨਿਕ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਅਤੇ ਪਾਰਟੀ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਅਤੇ ਮੋਹਨ ਪ੍ਰਕਾਸ਼ ਵੀ ਮੌਜੂਦ ਸਨ।

ਸੂਤਰਾਂ ਅਨੁਸਾਰ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਦਿੱਲੀ ਵਿਚ 3 ਅਤੇ ਪੰਜਾਬ ਵਿਚ 6 ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਨਾਲ ਹੀ ਗੁਜਰਾਤ ਅਤੇ ਗੋਆ 'ਚ ਇਕ-ਇਕ ਸੀਟ 'ਤੇ ਚੋਣ ਲੜਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਹਰਿਆਣਾ ਦੀਆਂ 3 ਸੀਟਾਂ 'ਤੇ ਚੋਣ ਲੜਨਾ ਚਾਹੁੰਦੀ ਹੈ। ਦੋਵੇਂ ਪਾਰਟੀਆਂ ਆਪਣੀ ਉੱਚ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਕ ਵਾਰ ਫਿਰ ਆਹਮੋ-ਸਾਹਮਣੇ ਬੈਠਣਗੀਆਂ। ਸੀਟਾਂ ਦੀ ਵੰਡ ਨੂੰ ਲੈ ਕੇ 'ਆਪ' ਅਤੇ ਕਾਂਗਰਸ ਵਿਚਾਲੇ ਦੂਜੇ ਦੌਰ ਦੀ ਮੀਟਿੰਗ 11 ਜਾਂ 12 ਜਨਵਰੀ ਨੂੰ ਹੋ ਸਕਦੀ ਹੈ। ਅਗਲੀ ਮੀਟਿੰਗ 'ਚ ਸੀਟਾਂ ਦੀ ਵੰਡ 'ਤੇ ਹੋਰ ਠੋਸ ਚਰਚਾ ਹੋਣ ਦੀ ਸੰਭਾਵਨਾ ਹੈ।