- Updated: July 04, 2023 11:51 AM
ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਸੂਬੇ ਦੇ ਮੋਗਾ ਨਗਰ ਨਿਗਮ ‘ਤੇ ਕਬਜ਼ਾ ਕਰ ਲਿਆ ਹੈ। ਸੱਤਾਧਾਰੀ ਪਾਰਟੀ ਨੇ ਕਾਂਗਰਸ ਦੀ ਮੇਅਰ ਨੀਤਿਕਾ ਭੱਲਾ ਖਿਲਾਫ ਬੇਭਰੋਸਗੀ ਮਤਾ ਜਿੱਤ ਲਿਆ ਹੈ। ਸਦਨ ਵਿੱਚ ਮੌਜੂਦ 48 ਕੌਂਸਲਰਾਂ ਵਿੱਚੋਂ 41 ਨੇ ਬੇਭਰੋਸਗੀ ਮਤੇ ਦੇ ਹੱਕ ਵਿੱਚ ਵੋਟ ਪਾਈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰ ਹਨ।
ਮੇਅਰ ਨੀਤਿਕਾ ਭੱਲਾ ਨੇ ਬੇਭਰੋਸਗੀ ਮਤਾ ਹਾਰਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤਰ੍ਹਾਂ ਮੋਗਾ ਪੰਜਾਬ ਦੀ ਪਹਿਲੀ ਨਗਰ ਨਿਗਮ ਬਣ ਗਈ ਹੈ, ਜਿੱਥੇ ਜਲਦ ਹੀ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ। ਹਲਕਾ ਵਿਧਾਇਕ ਅਮਨਦੀਪ ਅਰੋੜਾ ਅਤੇ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਅਗਵਾਈ ਹੇਠ 41 ਕੌਂਸਲਰਾਂ ਨੇ ਨੀਤਿਕਾ ਭੱਲਾ ਦੇ ਖਿਲਾਫ ਵੋਟ ਪਾ ਕੇ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਹੈ।
37 ਸਾਲਾਂ ਨਿਕਿਤਾ ਪਹਿਲਾਂ ਕਾਂਗਰਸ ਤੋਂ ਕੌਂਸਲਰ ਬਣੀ ਅਤੇ ਫਿਰ ਮੋਗਾ ਦੀ ਮੇਅਰ ਬਣੀ। ਉਹ ਮੋਗਾ ਦੀ ਮੇਅਰ ਵਜੋਂ ਸੇਵਾ ਨਿਭਾਉਣ ਵਾਲੀ ਪਹਿਲੀ ਮਹਿਲਾ ਹੈ। ਉਹ 13 ਮਈ, 2021 ਨੂੰ ਮੇਅਰ ਬਣੀ। ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਨੇ ਉਸ ਨੂੰ ਸ਼ਹਿਰ ਵਿੱਚ ਸੀਸੀਟੀਵੀ ਲਗਾਉਣ ਅਤੇ ਬੂਟੇ ਲਗਾਉਣ ਦੇ ਪ੍ਰਾਜੈਕਟ ਵਿੱਚ ਧਾਂਦਲੀ ਦੇ ਸਬੰਧ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਹਾਲਾਂਕਿ ਮੇਅਰ ਨੇ ਨਿਗਮ ਦੇ ਟੈਂਡਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ ਹੈ।