ਅਬੋਹਰ ‘ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਅਲਰਟ

ਅਬੋਹਰ ‘ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਅਲਰਟ

ਅਬੋਹਰ ਵਿਚ ਕਈ ਪ੍ਰਮੁੱਖ ਸਕੂਲਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਈਮੇਲ ਤੋਂ ਬਾਅਦ ਐਸਪਸ਼ਨ ਕਾਨਵੈਂਟ ਸਕੂਲ, ਡੀਏਵੀ ਸਕੂਲ ਅਤੇ ਹੋਰ ਪ੍ਰਾਈਵੇਟ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ।

ਧਮਕੀ ਭਰੀ ਈਮੇਲ ਸਵੇਰੇ 8:51 ਵਜੇ ਦੇ ਕਰੀਬ ਪ੍ਰਾਪਤ ਹੋਈ। ਈਮੇਲ ਵਿੱਚ ਦੁਪਹਿਰ 1.30 ਵਜੇ ਦਾ ਸਮਾਂ ਦੱਸਿਆ ਗਿਆ ਸੀ। ਜਾਣਕਾਰੀ ਮਿਲਦੇ ਹੀ ਸਕੂਲ ਵਿਚ ਹਫੜਾ-ਦਫੜੀ ਮਚ ਗਈ। ਜ਼ਿਆਦਾਤਰ ਸਕੂਲ ਪ੍ਰਬੰਧਕਾਂ ਨੇ ਸਾਵਧਾਨੀ ਵਜੋਂ ਛੁੱਟੀ ਦਾ ਐਲਾਨ ਕਰ ਦਿੱਤਾ। ਮਾਪਿਆਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ।

                                           Image

ਰੈਕਾਗਨਾਇਜ਼ਡ ਅਤੇ ਐਫੀਲਿਏਟਿਡ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਆਮ ਲਾਲ ਅਰੋੜਾ ਨੇ ਕਿਹਾ ਕਿ ਧਮਕੀ ਭਰੀ ਈਮੇਲ ਵਿੱਚ ਐਸਪਸ਼ਨ ਕਾਨਵੈਂਟ ਸਕੂਲ ਸਮੇਤ ਕਈ ਪ੍ਰਾਈਵੇਟ ਸਕੂਲਾਂ ਦੇ ਨਾਮ ਸ਼ਾਮਲ ਸਨ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਸਾਰੇ ਸਬੰਧਤ ਸਕੂਲਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ।

ਡੀਏਵੀ ਸਕੂਲ ਦੀ ਪ੍ਰਿੰਸੀਪਲ ਸਮਿਤਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:51 ਵਜੇ ਇੱਕ ਈਮੇਲ ਮਿਲੀ ਜਿਸ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਤੁਰੰਤ ਸਕੂਲ ਪ੍ਰਬੰਧਨ, ਸਿਟੀ-2 ਪੁਲਿਸ ਅਤੇ ਐਸਡੀਐਮ ਨੂੰ ਸੂਚਿਤ ਕੀਤਾ। ਅਧਿਕਾਰੀਆਂ ਦੀਆਂ ਹਦਾਇਤਾਂ ਤੋਂ ਬਾਅਦ ਸਕੂਲ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਮਾਪਿਆਂ ਨੂੰ ਵੀ ਸੂਚਿਤ ਕੀਤਾ ਗਿਆ।