ਕਰੀਬ 1 ਕਰੋੜ ਰੁਪਏ ਦਾ ਸੋਨਾ ਚੰਡੀਗੜ੍ਹ ਏਅਰਪੋਰਟ ਤੋਂ ਹੋਇਆ ਬਰਾਮਦ

ਕਰੀਬ 1 ਕਰੋੜ ਰੁਪਏ ਦਾ ਸੋਨਾ ਚੰਡੀਗੜ੍ਹ ਏਅਰਪੋਰਟ ਤੋਂ ਹੋਇਆ ਬਰਾਮਦ

ਚੰਡੀਗੜ੍ਹ ਏਅਰਪੋਰਟ 'ਤੇ ਕਸਟਮ ਵਿਭਾਗ ਲੁਧਿਆਣਾ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਏਅਰਪੋਰਟ 'ਤੇ ਦੁਬਈ ਤੋਂ ਚੰਡੀਗੜ੍ਹ ਜਾ ਰਹੀ ਫਲਾਈਟ 'ਚ ਇਕ ਵਿਅਕਤੀ ਨੂੰ ਪੱਗ 'ਚ ਛੁਪਾ ਕੇ ਸੋਨੇ ਦਾ ਪਾਊਡਰ ਲੈ ਕੇ ਜਾਂਦੇ ਹੋਏ ਕਾਬੂ ਕੀਤਾ ਗਿਆ ਹੈ। ਬਰਾਮਦ ਸੋਨੇ ਦਾ ਵਜ਼ਨ 2276 ਗ੍ਰਾਮ ਹੈ ਅਤੇ 24 ਕੈਰਟ ਸ਼ੁੱਧਤਾ ਹੈ।

ਅੰਤਰਰਾਸ਼ਟਰੀ ਬਜ਼ਾਰ ਵਿਚ ਇਸ ਦੀ ਕੀਮਤ ਕਰੀਬ 1 ਕਰੋੜ 73 ਲੱਖ ਰੁਪਏ ਹੈ। ਸੋਨਾ ਜ਼ਬਤ ਕਰਨ ਦੇ ਨਾਲ-ਨਾਲ ਵਿਭਾਗ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸੋਨਾ ਕਿੱਥੇ ਦਿੱਤਾ ਜਾਣਾ ਸੀ। ਇਸ ਦੇ ਨਾਲ ਹੀ ਵਿਭਾਗ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਪਹਿਲਾਂ ਕਿੰਨਾ ਸੋਨਾ ਲਿਆਂਦਾ ਗਿਆ ਹੈ ਤੇ ਇਸ ਵਿਚ ਹੋਰ ਕਿਹੜੇ ਲੋਕ ਸ਼ਾਮਲ ਹਨ।

ਦੱਸ ਦੇਈਏ ਕਿ ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜੇ ਜਾਣ 'ਤੇ ਇਹ ਕਾਰਵਾਈ ਕੀਤੀ ਗਈ।  ਗਰੀਨ ਚੈਨਲ ਪਾਰ ਕਰਦੇ ਸਮੇਂ ਵਿਭਾਗ ਦੇ ਅਧਿਕਾਰੀਆਂ ਨੂੰ ਪੱਗ ਕੁਝ ਜ਼ਿਆਦਾ ਵੱਡੀ ਹੋਣ ਦਾ ਸ਼ੱਕ ਹੋਇਆ ਅਤੇ ਇਸ ਦੇ ਬੰਨ੍ਹਣ ਦੇ ਤਰੀਕੇ ਨਾਲ ਵਿਭਾਗ ਨੂੰ ਮਾਮਲਾ ਸ਼ੱਕੀ ਲੱਗਿਆ। ਜਦੋਂ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਸਤਾਰਧਾਰੀ ਵਿਅਕਤੀ ਨੇ ਚਾਰ ਪਾਊਚਾਂ 'ਚ ਸੋਨੇ ਨੂੰ ਪਾਊਡਰ ਦੇ ਰੂਪ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਇਹ ਸੋਨਾ ਜਾਂਚ ਤੋਂ ਬਾਅਦ ਬਰਾਮਦ ਕੀਤਾ ਗਿਆ।