ਲਹਿੰਦੇ ਪੰਜਾਬ ਦੀ ਪੁਲਿਸ ਨੇ ਭਾਰਤੀ ਪਤਨੀ ’ਤੇ ਤਸ਼ੱਦਦ ਕਰਨ ਦੇ ਦੋਸ਼ ’ਚ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ

ਲਹਿੰਦੇ ਪੰਜਾਬ ਦੀ ਪੁਲਿਸ ਨੇ ਭਾਰਤੀ ਪਤਨੀ ’ਤੇ ਤਸ਼ੱਦਦ ਕਰਨ ਦੇ ਦੋਸ਼ ’ਚ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ

ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਲਾਹੌਰ ’ਚ ਅਪਣੀ ਭਾਰਤੀ ਪਤਨੀ ਨੂੰ ਤਸੀਹੇ ਦੇਣ ਦੇ ਦੋਸ਼ ’ਚ ਇਕ ਵਿਅਕਤੀ ਵਿਰੁਧ ਮਾਮਲਾ ਦਰਜ ਕੀਤਾ ਹੈ। ਫੈਕਟਰੀ ਏਰੀਆ ਥਾਣੇ ਸ਼ੇਖੂਪੁਰਾ ਰੋਡ ਲਾਹੌਰ ਦੇ ਪੁਲਿਸ ਅਧਿਕਾਰੀ ਮੁਹੰਮਦ ਅੱਬਾਸ ਨੇ ਦਸਿਆ, ‘‘ਅਸੀਂ ਮਿਰਜ਼ਾ ਯੂਸਫ ਇਲਾਹੀ ਵਿਰੁਧ ਉਸ ਦੀ ਭਾਰਤੀ ਪਤਨੀ ਫਰਜ਼ਾਨਾ ਬੇਗਮ ਦੀ ਸ਼ਿਕਾਇਤ ’ਤੇ ਉਸ ਨੂੰ ਕਥਿਤ ਤੌਰ ’ਤੇ ਤਸੀਹੇ ਦੇਣ, ਉਸ ਦਾ ਪਾਸਪੋਰਟ ਜ਼ਬਤ ਕਰਨ, ਧਮਕੀਆਂ ਦੇਣ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਕੈਦ ਕਰਨ ਦੇ ਦੋਸ਼ ’ਚ ਐਫ.ਆਈ.ਆਰ. ਦਰਜ ਕੀਤੀ ਹੈ।’’

ਉਨ੍ਹਾਂ ਕਿਹਾ ਕਿ ਸ਼ੱਕੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੀ.ਟੀ.ਆਈ. ਨਾਲ ਫੋਨ ’ਤੇ ਗੱਲ ਕਰਦਿਆਂ ਫਰਜ਼ਾਨਾ ਬੇਗਮ ਨੇ ਪਾਕਿਸਤਾਨ ’ਚ ਆਪਬੀਤੀ ਬਾਰੇ ਦਸਿਆ। ਚੀਤਾ ਕੈਂਪ ਮੁੰਬਈ ਦੀ ਰਹਿਣ ਵਾਲੀ ਫਰਜ਼ਾਨਾ 2006 ’ਚ ਇਕ ਸੈਲੂਨ ’ਚ ਨੌਕਰੀ ਲਈ ਸੰਯੁਕਤ ਅਰਬ ਅਮੀਰਾਤ ਦੇ ਅਬੂ ਧਾਬੀ ਚਲੀ ਗਈ ਸੀ। ਉਹ ਹਰ ਮਹੀਨੇ 5,000 ਦਿਰਹਮ ਕਮਾ ਰਹੀ ਸੀ। ਸਾਲ 2015 ’ਚ ਉਸ ਦੀ ਮੁਲਾਕਾਤ ਮਿਰਜ਼ਾ ਯੂਸਫ ਇਲਾਹੀ ਨਾਲ ਹੋਈ ਸੀ। ਉਸੇ ਸਾਲ, ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਫਰਜ਼ਾਨਾ ਅਤੇ ਇਲਾਹੀ ਦੋਵੇਂ ਤਲਾਕਸ਼ੁਦਾ ਸਨ। ਫਰਜ਼ਾਨਾ ਦੇ ਪਹਿਲੇ ਵਿਆਹ ਤੋਂ ਇਕ ਪੁੱਤਰ ਅਤੇ ਇਕ ਧੀ ਸੀ ਜਦਕਿ ਇਲਾਹੀ ਦੀਆਂ ਪਹਿਲੀਆਂ ਦੋ ਪਤਨੀਆਂ ਤੋਂ ਛੇ ਬੱਚੇ ਸਨ ਅਤੇ ਇਹ ਉਸ ਦਾ ਚੌਥਾ ਵਿਆਹ ਸੀ।

ਅਪਣੇ ਵਿਆਹ ਦੇ ਪਹਿਲੇ ਤਿੰਨ ਸਾਲਾਂ ਲਈ, ਉਹ ਯੂ.ਏ.ਈ. ’ਚ ਰਹੇ ਅਤੇ ਉਨ੍ਹਾਂ ਦੇ ਦੋ ਬੱਚੇ ਸਨ। ਸਾਲ 2018 ਦੇ ਅਖੀਰ ’ਚ ਇਹ ਜੋੜਾ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਚਲਾ ਗਿਆ ਸੀ। ਫਰਜ਼ਾਨਾ ਨੇ ਕਿਹਾ, ‘‘ਸਾਡੇ ਝਗੜੇ ਉਦੋਂ ਸ਼ੁਰੂ ਹੋਏ ਜਦੋਂ ਮੇਰੇ ਪਤੀ ਨੇ ਰਹਿਮਾਨ ਗਾਰਡਨ ਲਾਹੌਰ ’ਚ ਮੇਰੇ ਬੱਚਿਆਂ ਦੇ ਨਾਮ ’ਤੇ ਇਕ ਵੱਡਾ ਮਕਾਨ ਅਤੇ ਇਕ ਵਪਾਰਕ ਪਲਾਜ਼ਾ ਖਰੀਦਿਆ ਕਿਉਂਕਿ ਉਸ ਦੀ ਪਹਿਲੀ ਪਤਨੀ ਦੀਆਂ ਧੀਆਂ ਇਸ ਦੇ ਵਿਰੁਧ ਸਨ।’’

ਉਸ ਨੇ ਕਿਹਾ, ‘‘ਇਲਾਹੀ ਨੇ ਸਥਾਨਕ ਪੁਲਿਸ ਨੂੰ ਇਹ ਵੀ ਦਸਿਆ ਕਿ ਮੈਂ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਸੀ। ਉਸ ਤੋਂ ਬਾਅਦ, ਕੁੱਝ ਪੁਲਿਸ ਵਾਲੇ ਦੋ ਹੋਰ ਲੋਕਾਂ ਨਾਲ ਮੇਰੇ ਘਰ ਆਏ ਅਤੇ ਮੈਨੂੰ ਵਾਪਸ ਭੇਜਣ ਲਈ ਜ਼ਬਰਦਸਤੀ ਵਾਹਗਾ ਬਾਰਡਰ ਲੈ ਗਏ। ਮੈਂ ਵਿਰੋਧ ਕੀਤਾ ਅਤੇ ਵਾਹਗਾ ਵਿਖੇ ਅਧਿਕਾਰੀਆਂ ਨੂੰ ਦਸਿਆ ਕਿ ਮੇਰੇ ਦੋ ਬੱਚੇ ਉੱਥੇ ਹਨ ਅਤੇ ਮੇਰਾ ਪਤੀ ਮੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਉੱਥੇ ਕੁੱਝ ਸੀਨੀਅਰ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਮੈਨੂੰ ਘਰ ਜਾਣ ਦੀ ਇਜਾਜ਼ਤ ਦਿਤੀ ਗਈ।’’

ਉਸ ਨੇ ਦੋਸ਼ ਲਾਇਆ ਕਿ ਪਿਛਲੇ ਹਫਤੇ ਇਲਾਹੀ ਨੇ ਉਸ ਨੂੰ ਬੇਰਹਿਮੀ ਨਾਲ ਕੁੱਟਮਾਰ ਕੀਤੀ, ਪਾਸਪੋਰਟ ਜ਼ਬਤ ਕਰ ਲਿਆ ਅਤੇ ਭਾਰਤ ਵਾਪਸ ਜਾਣ ਲਈ ਕਿਹਾ। ਉਸ ਨੇ ਕਿਹਾ ਕਿ ਉਹ ਅਪਣੇ ਬੱਚਿਆਂ ਤੋਂ ਬਿਨਾਂ ਭਾਰਤ ਵਾਪਸ ਨਹੀਂ ਜਾਵੇਗੀ। ਉਸ ਨੇ ਕਿਹਾ, ‘‘ਮੈਂ ਪਾਕਿਸਤਾਨ ਸਰਕਾਰ ਅਤੇ ਭਾਰਤੀ ਦੂਤਘਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਦਾ ਨੋਟਿਸ ਲੈਣ ਅਤੇ ਇਲਾਹੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਤੋਂ ਮੇਰਾ ਪਾਸਪੋਰਟ ਬਰਾਮਦ ਕਰਨ।’’