AAP ਵਿਧਾਇਕਾ ''ਤੇ ਲੱਗੇ NRI ਦੀ ਕੋਠੀ ’ਤੇ ਕਬਜ਼ਾ ਕਰਨ ਦੇ ਇਲਜ਼ਾਮ, ਜਿੰਦਰਾ ਤੋੜ ਕੇ ਬਣਾਇਆ ਰੈਣ-ਬਸੇਰਾ

AAP ਵਿਧਾਇਕਾ ''ਤੇ ਲੱਗੇ NRI ਦੀ ਕੋਠੀ ’ਤੇ ਕਬਜ਼ਾ ਕਰਨ ਦੇ ਇਲਜ਼ਾਮ, ਜਿੰਦਰਾ ਤੋੜ ਕੇ ਬਣਾਇਆ ਰੈਣ-ਬਸੇਰਾ

ਲੁਧਿਆਣਾ ਦੀ ਜਗਰਾਓਂ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ 'ਤੇ ਇੱਕ ਐਨਆਰਆਈ ਔਰਤ ਨੇ ਕੋਠੀ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ। ਕੈਨੇਡੀਅਨ ਔਰਤ ਅਮਰਜੀਤ ਕੌਰ ਨੇ ਵਿਧਾਇਕਾ ਮਾਣੂੰਕੇ ਖ਼ਿਲਾਫ਼ ਐਸਐਸਪੀ, ਮੰਤਰੀ ਕੁਲਦੀਪ ਧਾਲੀਵਾਲ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਸ਼ਿਕਾਇਤ ਭੇਜੀ ਹੈ। 

ਅਮਰਜੀਤ ਨੇ ਕਿਹਾ- ਉਹ ਕਈ ਸਾਲਾਂ ਤੋਂ ਪੰਜਾਬ ਨਹੀਂ ਆਈ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਵਿਧਾਇਕ ਮਾਣੂੰਕੇ ਨੇ ਹੀਰਾ ਬਾਗ ਦੀ ਗਲੀ ਨੰਬਰ 7 ਵਿਚ ਉਹਨਾਂ ਦੇ ਘਰ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਉਸ ਦੀ ਬੰਦ ਪਈ ਕੋਠੀ ਦੇ ਜਿੰਦਰੇ ਤੋੜ ਕੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵੱਲੋਂ ਕਬਜ਼ਾ ਕੀਤਾ ਗਿਆ।ਉਸ ਦੇ ਘਰ ਵਿਚ ਰੱਖਿਆ ਸਮਾਨ ਵੀ ਖੁਰਦਬੁਰਦ ਕੀਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਮਾਮਲੇ ਦਾ ਪਤਾ ਲੱਗਿਆ ਤਾਂ ਉਨ੍ਹਾਂ ਵਿਧਾਇਕ ਮਾਣੂੰਕੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਧਮਕੀ ਦਿੱਤੀ ਕਿ ਉਹ ਮੇਰਾ ਕੁੱਝ ਨਹੀਂ ਵਿਗਾੜ ਸਕਦੀ, ਉਸ ਨੂੰ ਕਿਸੇ ਦਾ ਡਰ ਨਹੀਂ ਹੈ। ਸਰਕਾਰ ਤੇ ਪੁਲਿਸ ਸਾਡੀ ਹੈ। ਅਮਰਜੀਤ ਨੇ ਦੱਸਿਆ ਕਿ ਉਹ ਬਜ਼ੁਰਗ ਹੈ ਅਤੇ ਉਸ ਨੂੰ  ਉਸ ਦੇ ਘਰ ਵੜਨ ਤੋਂ ਰੋਕਿਆ ਜਾ ਰਿਹਾ ਹੈ। ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਉਹਨਾਂ ਨੇ ਘਰ ਨਾ ਛੱਡਿਆ ਤਾਂ ਝੂਠਾ ਕੇਸ ਦਰਜ ਕੀਤਾ ਜਾਵੇਗਾ। 

ਅਮਰਜੀਤ ਨੇ ਇਲਜ਼ਾਮ ਲਗਾਇਆ ਕਿ MLA ਮਾਣੂੰਕੇ ਨੇ ਮਾਲ ਵਿਭਾਗ ਦੀ ਸਹਿਮਤੀ ਲੈ ਕੇ ਉਹਨਾਂ ਤੋਂ ਬਿਨ੍ਹਾਂ ਪੁੱਛੇ ਮਕਾਨ 'ਤੇ ਕਬਜ਼ਾ ਕਰ ਲਿਆ। ਇਸ ਮਾਮਲੇ ਵਿਚ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਉਹਨਾਂ ਨੇ ਇਹ ਕੋਠੀ ਕਿਰਾਏ 'ਤੇ ਲਈ ਹੈ ਤੇ ਹੁਣ ਐਨਆਰਆਈ ਅਮਰਜੀਤ ਕੌਰ ਨੇ ਇਸ ’ਤੇ ਮਲਕੀਅਤ ਪ੍ਰਗਟਾਈ ਹੈ।

ਹੁਣ ਜਦੋਂ ਐਨਆਰਆਈ ਅਮਰਜੀਤ ਕੌਰ ਵੱਲੋਂ ਇਸ 'ਤੇ ਮਾਲਕਾਨਾ ਹੱਕ ਜਤਾਇਆ ਗਿਆ ਤਾਂ ਸਾਹਮਣੇ ਆਇਆ ਹੈ ਕਿ ਜਿਹੜੇ 2 ਵਿਅਕਤੀ ਇਸ ਕੋਠੀ 'ਤੇ ਮਾਲਕਾਨਾ ਹੱਕ ਜਤਾ ਰਹੇ ਹਨ, ਉਨ੍ਹਾਂ ਨੇ ਖੁਦ ਐਸਐਸਪੀ ਜਗਰਾਉਂ ਨੂੰ ਇਸ ਮਾਮਲੇ ਵਿਚ ਸ਼ਿਕਾਇਤ ਦੇ ਕੇ ਜਾਂਚ ਕਰਨ ਲਈ ਕਿਹਾ ਹੈ। ਉਹ ਮੀਡੀਆ ਸਾਹਮਣੇ ਵੀ ਇਹੀ ਕਹਿਣਾ ਚਾਹੁੰਦੇ ਹਨ ਕਿ ਇਹਨਾਂ ਦੋਵੇਂ ਮਾਲਕਾਂ ਵਿਚੋਂ ਜੇ ਐਨਆਰਆਈ ਔਰਤ ਮਾਲਕ ਹੋਵੇ ਤਾਂ ਉਹ ਜਦੋਂ ਕਹਿਣਗੇ ਉਨ੍ਹਾਂ ਨੂੰ ਚਾਬੀਆਂ ਸੌਂਪ ਦੇਣਗੇ। ਐਸਐਸਪੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਐਨਆਰਆਈ ਔਰਤ ਵੱਲੋਂ ਮਿਲੀ ਸ਼ਿਕਾਇਤ ਦੀ ਜਾਂਚ ਕਰਨ ਲਈ ਐਸਪੀਡੀ ਨੂੰ ਨਿਰਦੇਸ਼ ਦਿੱਤੇ ਗਏ ਹਨ।