ਪੁਲਿਸ ਮੁਕਾਬਲੇ ਦੌਰਾਨ ਸਰਪੰਚ ਹਤਿਆ ਕਾਂਡ ਦਾ ਮੁਲਜ਼ਮ ਜ਼ਖ਼ਮੀ; ਹੁਣ ਤਕ ਕੁੱਲ 7 ਮੁਲਜ਼ਮ ਗ੍ਰਿਫ਼ਤਾਰ

ਪੁਲਿਸ ਮੁਕਾਬਲੇ ਦੌਰਾਨ ਸਰਪੰਚ ਹਤਿਆ ਕਾਂਡ ਦਾ ਮੁਲਜ਼ਮ ਜ਼ਖ਼ਮੀ; ਹੁਣ ਤਕ ਕੁੱਲ 7 ਮੁਲਜ਼ਮ ਗ੍ਰਿਫ਼ਤਾਰ

ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਦੇ ਸਰਪੰਚ ਸੰਦੀਪ ਕੁਮਾਰ ਛੀਨਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਅਨੂਪ ਕੁਮਾਰ ਵਿੱਕੀ ਮੰਗਲਵਾਰ ਦੇਰ ਰਾਤ ਪੁਲਿਸ ਮੁਕਾਬਲੇ ਵਿਚ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਜਵਾਬੀ ਕਾਰਵਾਈ ਵਿਚ ਮੁਲਜ਼ਮ ਦੀ ਲੱਤ ਵਿਚ ਦੋ ਗੋਲੀਆਂ ਲੱਗੀਆਂ। ਮੁਲਜ਼ਮ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਦਸਿਆ ਜਾ ਰਿਹਾ ਹੈ ਕਿ ਸਰਪੰਚ ਦਾ ਕਤਲ ਕਰਨ ਤੋਂ ਬਾਅਦ ਵਿੱਕੀ ਹਰਿਆਣਾ ਵਿਚ ਲੁਕਿਆ ਹੋਇਆ ਸੀ। ਮੰਗਲਵਾਰ ਰਾਤ ਕਰੀਬ 11 ਵਜੇ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵਿੱਕੀ ਨੂੰ ਘੇਰਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਵਿੱਕੀ ਜ਼ਖ਼ਮੀ ਹੋ ਗਿਆ। ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਸਰਪੰਚ ਵਲੋਂ ਉਨ੍ਹਾਂ ਦੀਆਂ ਵੀਡੀਉਜ਼ ਵਾਇਰਲ ਕੀਤੇ ਜਾਣ ਮਗਰੋਂ ਇਸ ਘਟਨਾ ਨੂੰ ਅੰਜਾਮ ਦਿਤਾ ਸੀ।

ਪੁਲਿਸ ਨੇ ਮੁਕਾਬਲੇ ਤੋਂ ਬਾਅਦ ਮੁੱਖ ਕਥਿਤ ਦੋਸ਼ੀ ਤੋਂ ਇਲਾਵਾ 6 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 1 ਦੇਸੀ ਪਿਸਤੌਲ, 3 ਜ਼ਿੰਦਾ ਰੋਂਦ, 1 ਦਾਤਰ, ਸਵਿਫਟ ਕਾਰ ਤੇ 2 ਮੋਟਰਸਾਈਕਲ ਬਰਾਮਦ ਕੀਤੇ। ਜ਼ਿਕਰਯੋਗ ਹੈ ਕਿ ਸਰਪੰਚ ਦੀ ਹਤਿਆ ਤੋਂ ਬਾਅਦ ਪੀੜਤ ਪ੍ਰਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਨੇ ਅੱਡਾ ਦੋਸੜਕਾ ਵਿਖੇ ਪਿਛਲੇ 6 ਦਿਨਾਂ ਤੋਂ ਧਰਨਾ ਲਗਾਇਆ ਹੋਇਆ ਸੀ।