- Updated: January 10, 2024 11:23 AM
ਕੈਨੇਡਾ ਵਿਚ ਅਲਗੋਮਾ ਯੂਨੀਵਰਸਿਟੀ ਵਿਰੁਧ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਛੇਵੇਂ ਦਿਨ ਇਨਸਾਫ਼ ਦੀ ਉਮੀਦ ਮਿਲੀ ਹੈ। ਵਿਦਿਆਰਥੀਆਂ ਮੁਤਾਬਕ ਯੂਨੀਵਰਸਿਟੀ 132 ਵਿਚੋਂ 100 ਵਿਦਿਆਰਥੀਆਂ ਨੂੰ ਪਾਸ ਕਰਨ ’ਤੇ ਸਹਿਮਤ ਹੋ ਗਈ ਹੈ। ਜਦਕਿ ਬਾਕੀ ਰਹਿੰਦੇ 32 ਵਿਦਿਆਰਥੀਆਂ ਬਾਰੇ ਕੁੱਝ ਦਿਨਾਂ ਤਕ ਫ਼ੈਸਲਾ ਹੋਵੇਗਾ। ਜਾਣਕਾਰੀ ਅਨੁਸਾਰ ਕੁੱਝ ਵਿਦਿਆਰਥੀਆਂ ਨੇ ਪੜ੍ਹਾਈ ਵਿਚ ਘੱਟ ਤੇ ਕੰਮ ਵਿਚ ਵਧੇਰੇ ਦਿਲਚਸਪੀ ਦਿਖਾਈ। ਇਸ ਦੌਰਾਨ ਕਈ ਵਿਦਿਆਰਥੀਆਂ ਨੂੰ ਮੁੜ ਪੇਪਰ ਦੇਣ ਦਾ ਮੌਕਾ ਮਿਲ ਸਕਦਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸੰਘਰਸ਼ ਦੀ ਜਿੱਤ ਹੋ ਗਈ ਹੈ ਪਰ ਇਹ ਅਧੂਰੀ ਹੈ, ਜਿਸ ਕਰਕੇ ਸ਼ੁੱਕਰਵਾਰ ਨੂੰ ਅੰਤਿਮ ਫ਼ੈਸਲਾ ਆਉਣ ਤਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਪਿਛਲੇ ਛੇ ਦਿਨ ਤੋਂ ਕੜਾਕੇ ਦੀ ਠੰਢ ਵਿਚ ਧਰਨਾ ਦੇ ਰਹੇ ਹਨ। ਇਨ੍ਹਾਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਨੇ ਜਾਣਬੁੱਝ ਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਫੇਲ੍ਹ ਕੀਤਾ ਤਾਂ ਜੋ ਮੁੜ ਫ਼ੀਸਾਂ ਉਗਰਾਹੀਆਂ ਜਾ ਸਕਣ। ਵਿਦਿਆਰਥੀਆਂ ਵਲੋਂ ਇਸ ਸਬੰਧੀ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਈਮੇਲ ਕਰ ਕੇ ਹਮਾਇਤ ਮੰਗੀ ਗਈ ਸੀ।