- Updated: October 10, 2024 01:05 PM
ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ 'ਚ ਸਮਾਜ ਭਲਾਈ ਦੇ ਕਾਰਜ ਕਰਦੇ ਆ ਰਹੇ ਹਨ। ਹੁਣ ਪਿੰਡ ਵੱਲੋਂ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਵੱਡੀ ਜਿੰਮੇਵਾਰੀ ਸੌਂਪ ਕੇ ਪਿੰਡ ਦਾ ਸਰਪੰਚ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਹੈ।
ਇਸ ਮੌਕੇ ਜਿੱਥੇ ਐਮੀ ਵਿਰਕ ਦਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਉੱਥੇ ਹੁਣ ਪਿੰਡ ਵਾਸੀ ਵੀ ਕਾਫੀ ਖੁਸ਼ ਵਿਖਾਈ ਦੇ ਰਹੇ ਹਨ। ਉਨ੍ਹਾਂ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਸਮੇਤ ਪੂਰੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ ਹੈ। ਇਸ ਮੌਕੇ ਐਮੀ ਵਿਰਕ ਦੇ ਪਿਤਾ ਸਰਪੰਚ ਕੁਲਜੀਤ ਸਿੰਘ ਨੇ ਕਿਹਾ ਕਿ ਇਹ ਫੈਸਲਾ ਪਿੰਡ ਵਾਸੀਆਂ ਵੱਲੋਂ ਲਿਆ ਗਿਆ। ਅਸੀਂ ਪਹਿਲਾਂ ਵੀ ਪਿੰਡ 'ਚ ਮੋਹਰੀ ਹੋ ਕੇ ਕੰਮ ਕਰਵਾਏ ਹਨ ਅਤੇ ਹੁਣ ਜੋ ਨਗਰ ਵੱਲੋਂ ਫ਼ੈਸਲਾ ਲਿਆ ਗਿਆ ਹੈ, ਮੈਂ ਇਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਜੋ ਕੰਮ ਕਰਨ ਵਾਲੇ ਹਨ ਉਨ੍ਹਾਂ ਪਹਿਲ ਦੇ ਅਧਾਰ 'ਤੇ ਕਰਵਾ ਕੇ ਨੂੰ ਪਿੰਡ ਦੀ ਨੁਹਾਰ ਬਦਲਾਂਗਾ। ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਮਗਰੋਂ ਐਮੀ ਵਿਰਕ ਨੇ ਵੀ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਪਿੰਡ ਦੇ ਪੰਚ ਗੁਰਚਰਨ ਸਿੰਘ ਸੇਖੋਂ ਨੇ ਕਿਹਾ ਕਿ ਜੋ ਫੈਸਲਾ ਨਗਰ ਵੱਲੋਂ ਲਿਆ ਗਿਆ ਹੈ ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲਿਆ ਗਿਆ ਹੈ ਕਿਉਂਕਿ ਪਿੰਡ 'ਚ ਸਾਰੀਆਂ ਹੀ ਪਾਰਟੀਆਂ ਦੇ ਨੁਮਾਇੰਦੇ ਹਨ ਪਰ ਫਿਰ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ। ਸਰਬ ਸੰਮਤੀ ਨਾਲ ਸਰਪੰਚ ਚੁਣਨ ਦੇ ਨਾਲ ਪਿੰਡ 'ਚ ਭਾਈਚਾਰਕ ਸਾਂਝ ਬਣੀ ਰਹੇਗੀ।
ਇਸ ਮੌਕੇ 'ਤੇ ਐਮੀ ਵਿਰਕ ਦੇ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਇਹ ਪਿੰਡ ਲੋਹਾਰ ਮਾਜਰਾ ਐਮੀ ਵਿਰਕ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਹੁਣ ਪਿੰਡ ਵਾਸੀਆਂ ਦੇ ਵੱਲੋਂ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਸਰਬਸੰਮਤੀ ਨਾਲ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਲਈ ਸਰਪੰਚ ਚੁਣਿਆ ਗਿਆ ਹੈ।