2 ਸੀਟਾਂ ਵਾਲਾ ਪਹਿਲਾ ‘ਐੱਲ.ਸੀ.ਏ. ਤੇਜਸ’ ਮਿਲਿਆ ਹਵਾਈ ਫ਼ੌਜ ਨੂੰ। 

 2 ਸੀਟਾਂ ਵਾਲਾ ਪਹਿਲਾ ‘ਐੱਲ.ਸੀ.ਏ. ਤੇਜਸ’ ਮਿਲਿਆ ਹਵਾਈ ਫ਼ੌਜ ਨੂੰ। 

ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ.ਏ.ਐੱਲ.) ਨੇ 2 ਸੀਟਾਂ ਵਾਲਾ ਪਹਿਲਾ ਹਲਕਾ ਜੰਗੀ ਜਹਾਜ਼ (ਐੱਲ.ਸੀ.ਏ.) ਤੇਜਸ ਬੁੱਧਵਾਰ ਨੂੰ ਹਵਾਈ ਫ਼ੌਜ ਨੂੰ ਸੌਂਪ ਦਿੱਤਾ। ਬੈਂਗਲੁਰੂ ਸਥਿਤ ਕੰਪਨੀ ਦੇ ਹੈੱਡਕੁਆਰਟਰ ਨੇ ਕਿਹਾ ਕਿ 2 ਸੀਟਾਂ ਵਾਲੇ ਇਸ ਜਹਾਜ਼ ਵਿਚ ਹਵਾਈ ਫੌਜ ਦੀਆਂ ਟ੍ਰੇਨਿੰਗ ਲੋੜਾਂ ਵਿਚ ਸਹਿਯੋਗ ਦੀਆਂ ਸਾਰੀਆਂ ਸਮਰੱਥਾਵਾਂ ਹਨ ਅਤੇ ਲੋੜ ਪੈਣ ’ਤੇ ਇਹ ਲੜਾਕੂ ਦੀ ਭੂਮਿਕਾ ਵੀ ਨਿਭਾਉਂਦਾ ਹੈ। ਹਵਾਈ ਫੌਜ ਨੂੰ ‘ਐੱਲ.ਸੀ.ਏ. ਤੇਜਸ’ ਸੌਂਪੇ ਜਾਣ ਦੇ ਪ੍ਰੋਗਰਾਮ ਵਿਚ ਰੱਖਿਆ ਰਾਜ ਮੰਤਰੀ ਅਜੈ ਭੱਟ ਮੁੱਖ ਮਹਿਮਾਨ ਸਨ। ਪ੍ਰੋਗਰਾਮ ਦੌਰਾਨ ਏਅਰ ਸਟਾਫ ਏਅਰ ਚੀਫ ਮਾਰਸ਼ਲ ਵੀ. ਆਰ. ਚੌਧਰੀ ਅਤੇ ਹੋਰਨਾਂ ਦੀ ਹਾਜ਼ਰੀ ਵਿਚ 2 ਸੀਟਾਂ ਵਾਲੇ ਐੱਲ.ਸੀ.ਏ. ਜਹਾਜ਼ ਦੀ ਘੁੰਡ ਚੁਕਾਈ ਕੀਤੀ ਗਈ। ਜਹਾਜ਼ ਨੂੰ ਜਾਂਚ ਤੋਂ ਬਾਅਦ ਸੇਵਾ (ਆਰ. ਐੱਸ. ਡੀ.) ਲਈ ਸੌਂਪਿਆ ਗਿਆ।

2 ਸੀਟਾਂ ਵਾਲਾ ‘ਐੱਲ.ਸੀ.ਏ. ਤੇਜਸ’ ਇਕ ਹਲਕਾ, ਹਰ ਮੌਸਮ ਵਿਚ ਬਹੁ-ਆਯਾਮੀ ਭੂਮਿਕਾ ਨਿਭਾਉਣ ਵਿਚ ਸਮਰੱਥ 4.5 ਸ਼੍ਰੇਣੀ ਦਾ ਜਹਾਜ਼ ਹੈ। ਐੱਚ.ਏ.ਐਲ. ਨੇ ਕਿਹਾ ਕਿ ਇਹ ਸਮਕਾਲੀਨ ਧਾਰਨਾਵਾਂ ਅਤੇ ਟੈਕਨਾਲੋਜੀਆਂ ਦਾ ਇਕ ਮੇਲ ਹੈ। ਕੰਪਨੀ ਨੇ ਕਿਹਾ ਕਿ ਇਸ ਨਾਲ ਭਾਰਤ ਉਨ੍ਹਾਂ ਵਿਸ਼ੇਸ਼ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਅਜਿਹੀਆਂ ਸਮਰੱਥਾਵਾਂ ਵਿਕਸਿਤ ਕੀਤੀਆਂ ਹਨ ਅਤੇ ਉਨ੍ਹਾਂ ਨੂੰ ਆਪਣੀਆਂ ਰੱਖਿਆ ਫੋਰਸਾਂ ਵਿਚ ਸ਼ਾਮਲ ਕੀਤਾ ਹੈ। ਭਾਰਤੀ ਹਵਾਈ ਫੌਜ ਨੇ ਐੱਚ. ਏ. ਐੱਲ. ਨੂੰ 2 ਸੀਟਾਂ ਵਾਲੇ 18 ਜਹਾਜ਼ ਦਾ ਆਰਡਰ ਦਿੱਤਾ ਹੈ ਅਤੇ 2023-24 ਦੌਰਾਨ ਉਨ੍ਹਾਂ ਵਿਚੋਂ 8 ਦੀ ਸਪਲਾਈ ਕਰਨ ਦੀ ਉਸ ਦੀ ਯੋਜਨਾ ਹੈ। ਬਾਕੀ 10 ਦੀ ਸਪਲਾਈ ਲੜੀਵਾਰ ਰੂਪ ਵਿਚ 2026-27 ਤੱਕ ਕੀਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਹਵਾਈ ਫੌਜ ਤੋਂ ਹੋਰ ਵੀ ਆਰਡਰ ਮਿਲਣ ਦੀ ਉਮੀਦ ਹੈ।